ਸੁਨਾਮ : ਪਲਾਟਾਂ ਦੀ ਖਰੀਦ ਵੇਚ ਸਮੇਂ ਐਨ ਓ ਸੀ ਲੈਣ ਵਿੱਚ ਆ ਰਹੀਆਂ ਮੁਸਕਲਾਂ ਦੇ ਖਿਲਾਫ ਸ਼ਨਿੱਚਰਵਾਰ ਨੂੰ ਸੁਨਾਮ ਵਿਖੇ ਕਮਿਊਨਿਸਟ ਆਗੂ ਵਰਿੰਦਰ ਕੌਸ਼ਿਕ ਦੀ ਅਗਵਾਈ ਹੇਠ ਨਾਅਰੇਬਾਜ਼ੀ ਕੀਤੀ ਗਈ। ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿੱਚ ਪਲਾਟਾਂ ਦੀ ਖਰੀਦ ਵੇਚ ਸਮੇਂ ਕੋਈ ਇਤਰਾਜ਼ ਨਹੀਂ ਹੈ ਸਰਟੀਫਿਕੇਟ ਤੋਂ ਛੋਟ ਦਾ ਐਲਾਨ ਕੀਤਾ ਸੀ ਲੇਕਿਨ ਮਾਲ ਵਿਭਾਗ ਦੇ ਅਧਿਕਾਰੀ ਪਲਾਟਾਂ ਦੀ ਰਜਿਸਟਰੀ ਕਰਵਾਉਣ ਮੌਕੇ ਦਸਤਾਵੇਜ਼ਾਂ ਨਾਲ ਐਨ ਓ ਸੀ ਲਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਦਾ ਕੋਈ ਵੀ ਐਲਾਨ ਸਿਰੇ ਨਹੀਂ ਚੜ੍ਹਿਆ ਸਗੋਂ ਲੋਕਾਂ ਦੀ ਖੱਜਲ ਖ਼ੁਆਰੀ ਦਾ ਕਾਰਨ ਬਣ ਜਾਂਦਾ ਹੈ। ਪ੍ਰਦਰਸ਼ਨਕਾਰੀਆਂ ਨੇ ਬਖਸ਼ੀਵਾਲਾ ਰੋਡ ਦੀ ਖ਼ਸਤਾ ਹਾਲਤ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਖਸ਼ੀਵਾਲਾ ਰੋਡ ਤੇ ਸੀਵਰੇਜ ਪਾਉਣ ਸਮੇਂ ਪੁੱਟੀ ਸੜਕ ਨੂੰ ਜਲਦੀ ਠੀਕ ਕੀਤਾ ਜਾਵੇ। ਸੜਕ ਪੁੱਟਕੇ ਪਾਏ ਗਏ ਸੀਵਰੇਜ਼ ਦੇ ਪਾਈਪ ਜੋ ਪਾਏ ਗਏ ਸਨ, ਸੀਵਰੇਜ ਬੋਰਡ ਵੱਲੋ ਰੋਡ ਕੱਟਣ ਦੇ ਭਰੇ ਪੈਸੇਆ ਦੀ ਰਕਮ ਦੀ ਨਾਲ ਪੁੱਟੀ ਹੋਈ ਬਖਸ਼ੀਵਾਲਾ ਸੜਕ ਦੀ ਮੁਰੰਮਤ ਜਲਦੀ ਕਰਵਾਈ ਜਾਵੇ। ਇਸ ਮੌਕੇ ਕਾਮਰੇਡ ਲਖਵਿੰਦਰ ਸਿੰਘ ਚਹਿਲ, ਦਲਜੀਤ ਸਿੰਘ ਗਿੱਲ, ਬਾਬਰ ਸਿੰਘ, ਸਮਸ਼ੇਰ ਸਿੰਘ, ਦਰਸ਼ਨ ਸਿੰਘ ,ਬਿੱਟੂ ਸਮਰਾ, ਸ਼ਾਮ ਲਾਲ , ਭੁਪਿੰਦਰ ਸਿੰਘ ,ਵਲਜੋਤ ਸਿੰਘ, ਸੰਦੀਪ ਸਿੰਘ, ਗੀਬਾ ਕੁਮਾਰ, ਰਛਪਾਲ ਕੁਮਾਰ ਆਦਿ ਹਾਜ਼ਰ ਸਨ।