ਮਨਾਲੀ : ਹਿਮਾਚਲ ਪ੍ਰਦੇਸ਼ ਦੇ ਮਨਾਲੀ ‘ਚ ਸੈਲਾਨੀਆਂ ਨਾਲ ਭਰੀ ਟ੍ਰੈਵਲਰ ਹਾਦਸੇ ਦਾ ਸ਼ਿਕਾਰ ਹੋਈ ਹੈ। ਇਸ ਹਾਦਸੇ ਵਿੱਚ ਇੱਕ ਸੈਲਾਨੀ ਦੀ ਮੌਤ ਹੋ ਗਈ, ਜਦਕਿ ਕਰੀਬ 18 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮਨਾਲੀ ਦੇ ਡੀਐਸਪੀ ਨੇ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ। ਮਨਾਲੀ ਦੇ DSP ਨੇ ਦੱਸਿਆ ਕਿ ਟੂਰਿਸਟ ਗੱਡੀ ਵਿੱਚ ਸਵਾਰ ਲੋਕ ਮੁੰਬਈ ਦੇ ਵਸਨੀਕ ਸਨ। ਇਹ ਹਾਦਸਾ ਅਟਲ ਸੁਰੰਗ ਰੋਹਤਾਂਗ ਦੱਰੇ ਨੇੜੇ ਪੁਲ ਦੇ ਕੋਲ ਡਰਾਈਵਰ ਵੱਲੋਂ ਵਾਹਨ ਤੋਂ ਕੰਟਰੋਲ ਗੁਆ ਦੇਣ ਕਾਰਨ ਵਾਪਰਿਆ। ਉਨ੍ਹਾਂ ਕਿਹਾ ਕਿ ਵਾਹਨ ਵਿੱਚ ਡ੍ਰਾਈਵਰ ਸਮੇਤ ਕੁੱਲ 21 ਸੈਲਾਨੀ ਸਵਾਰ ਸਨ, ਜਿਨ੍ਹਾਂ ‘ਚ 18 ਜ਼ਖਮੀ ਹੋ ਗਏ ਅਤੇ 1 ਦੀ ਸੱਟ ਲੱਗਣ ਕਾਰਨ ਮੌਤ ਹੋ ਗਈ।
ਜ਼ਖਮੀਆਂ ਨੂੰ ਮਨਾਲੀ ਦੇ ਸਥਾਨਕ ਹਸਪਤਾਲ ਭੇਜਿਆ ਗਿਆ ਹੈ। ਅਟਲ ਸੁਰੰਗ ਮਨਾਲੀ ਨੇੜੇ ਸੋਲਾਂਗ ਘਾਟੀ ਨੂੰ ਲਾਹੌਲ ਅਤੇ ਸਪਿਤੀ ਜ਼ਿਲ੍ਹੇ ਦੇ ਸਿਸੂ ਨਾਲ ਜੋੜਦੀ ਹੈ। ਬੇਕਾਬੂ ਹੋ ਕੇ ਹੋਣ ਮਗਰੋਂ ਬੱਸ ਖਾਈ ਵਿੱਚ ਡਿੱਗਣ ਤੋਂ ਬਚ ਗਈ, ਜਿਸ ਨਾਲ ਵੱਡਾ ਹਾਦਸਾ ਟਲ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।