ਮਾਲੇਰਕੋਟਲਾ : ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਚੋਣ ਪ੍ਰਕਿਰਿਆ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਪਿਛਲੇ ਦਿਨੀਂ ਸਬੰਧਤ ਸਹਾਇਕ ਰਿਟਰਨਿੰਗ ਅਫ਼ਸਰ ਦੀ ਨਿਗਰਾਨੀ ਹੇਠ ਕਰੀਬ 2186 ਪੋਲਿੰਗ ਸਟਾਫ ਮੈਂਬਰਾਂ ਦੀ ਪਹਿਲੀ ਰਿਹਰਸਲ ਕਰਵਾਈ ਗਈ ਸੀ । ਪਹਿਲੀ ਰਿਹਰਸਲ ਦੌਰਾਨ ਕਰੀਬ 70 ਪੋਲਿੰਗ ਸਟਾਫ ਮੈਂਬਰ ਗੈਰ ਹਾਜ਼ਰ ਪਾਏ ਗਏ ਸਨ । ਗੈਰ ਹਾਜ਼ਰ ਰਹਿਣ ਵਾਲੇ ਚੋਣ ਅਮਲੇ ਖਿਲਾਫ਼ ਜ਼ੀਰੋ ਟੋਲਰੈਂਸ ਦੀ ਨੀਤੀ ਅਖਤਿਆਰ ਕਰਦਿਆ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ। ਜਿਨ੍ਹਾਂ ਵਿੱਚੋ ਕਰੀਬ 36 ਨੇ ਅਜੇ ਤੱਕ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਸਬੰਧੀ ਸਪਸਟੀਕਰਨ ਨਹੀਂ ਦਿੱਤਾ ਹੈ।ਇਸ ਗੱਲ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਰਿਟਰਨਿੰਗ ਅਫ਼ਸਰ ਸ੍ਰੀ ਰਾਜ ਪਾਲ ਸਿੰਘ ਨੇ ਦਿੱਤੀ। ਪਹਿਲੀ ਰਿਹਰਸਲ ਦੌਰਾਨ ਗੈਰ ਹਾਜ਼ਰ ਚੋਣ ਅਮਲੇ ਖਿਲਾਫ ਸਖਤ ਤਾੜਨਾ ਜਾਰੀ ਕਰਦਿਆ ਕਿਹਾ ਕਿ ਜਿਨ੍ਹਾਂ ਗੈਰ ਹਾਜ਼ਰ ਪੋਲਿੰਗ ਸਟਾਫ ਮੈਂਬਰਾਂ ਨੇ ਅਜੇ ਤੱਕ ਕਾਰਨ ਦੱਸੋ ਨੋਟਿਸ ਦਾ ਜਵਾਬ ਨਹੀਂ ਦਿੱਤਾ ,ਉਨ੍ਹਾਂ ਨੂੰ ਆਪਣਾ ਸਪਸਟੀਕਰਨ ਦੇਣ ਦਾ ਆਖਰੀ ਮੌਕਾ ਦਿੱਤਾ ਜਾਂਦਾ ਹੈ ਤਾਂ ਜੋ ਉਹ ਆਪਣਾ ਪੱਖ ਰੱਖ ਸਕਣ। ਉਹ ਮਿਤੀ 15 ਮਈ 2024 ਨੂੰ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਖੇ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਵਿਅਕਤੀਗੜ ਤੌਰ ਤੇ ਪੇਸ਼ ਹੋਕੇ ਆਪਣਾ ਸਪਸਟੀਕਰਨ ਦੇ ਸਕਦੇ ਹਨ । ਜੇਕਰ ਫਿਰ ਵੀ ਕੌਈ ਪੋਲਿੰਗ ਸਟਾਫ ਮੈਂਬਰ ਆਪਣਾ ਪੱਖ ਨਹੀਂ ਦਿੰਦਾ ਤਾਂ ਉਸ ਖਿਲਾਫ ਚੋਣ ਕਮਿਸ਼ਨ ਦੀਆਂ ਹਦਾਇਤ ਅਨੁਸਾਰ ਸਖ਼ਤ ਕਾਰਵਾਈ ਆਰੰਭੀ ਜਾਵੇਗੀ ।