ਨਵੀਂ ਦਿੱਲੀ : ਨੈਸ਼ਨਲ ਸਕਿਉਰਟੀ ਗਾਰਡ ਵਿਚ ਕੋਰੋਨਾ ਨਾਲ ਪਹਿਲੀ ਮੌਤ ਹੋਈ ਹੈ। ਬੁਧਵਾਰ ਨੂੰ ਦਿੱਲੀ ਵਿਚ ਐਨਐਸਜੀ ਯਾਨੀ ਨੈਸ਼ਨਲ ਸਕਿਉਰਟੀ ਗਾਰਡ ਦੇ ਗਰੁਪ ਕਮਾਂਡਰ ਵੀਰੇਂਦਰ ਕੁਮਾਰ ਝਾਅ ਨੇ ਇਨਫ਼ੈਕਸ਼ਨ ਕਾਰਨ ਦਮ ਤੋੜ ਦਿਤਾ। ਖ਼ਬਰਾਂ ਮੁਤਾਬਕ ਉਸ ਨੂੰ ਸਮੇਂ ਸਿਰ ਆਈਸੀਯੂ ਬੈਡ ਨਹੀਂ ਮਿਲਿਆ। ਉਹ 22 ਅਪ੍ਰੈਲ ਨੂੰ ਪਾਜ਼ੇਟਿਵ ਹੋਇਆ ਸੀ ਪਰ ਚਾਰ ਮਈ ਦੀ ਸ਼ਾਮ ਨੂੰ ਅਚਾਨਕ ਤਬੀਅਤ ਵਿਗੜ ਗਈ ਅਤੇ ਆਕਸੀਜਨ ਪੱਧਰ ਕਾਫ਼ੀ ਹੇਠਾਂ ਆ ਗਿਆ। ਵੀਰੇਂਦਰ ਜਿਸ ਹਸਪਤਾਲ ਵਿਚ ਭਰਤੀ ਸੀ, ਉਥੇ ਆਈਸੀਯੂ ਬੈਡ ਖ਼ਾਲੀ ਨਹੀਂ ਸੀ ਜਿਸ ਕਾਰਨ ਉਸ ਨੂੰ ਕਿਤੇ ਹੋਰ ਰੈਫ਼ਰ ਕਰ ਦਿਤਾ ਗਿਆ। ਪਰ ਉਥੇ ਵੀ ਆਈਸੀਯੂ ਬੈਡ ਨਾ ਮਿਲਿਆ ਤੇ ਨੱਠਭੱਜ ਵਿਚ ਕਾਫ਼ੀ ਸਮਾਂ ਨਿਕਲ ਜਾਣ ਕਾਰਨ ਉਸ ਦੀ ਮੌਤ ਹੋ ਗਈ। ਦੇਸ਼ ਦੇ ਸਭ ਤੋਂ ਬਿਹਤਰੀਨ ਸੁਰੱਖਿਆ ਬਲ ਵਿਚ ਕੋਰੋਨਾ ਨਾਲ ਇਹ ਪਹਿਲੀ ਮੌਤ ਹੈ। 53 ਸਾਲ ਦੇ ਵੀਰੇਂਦਰ ਬਿਹਾਰ ਦੇ ਸਨ ਅਤੇ 1993 ਵਿਚ ਬੀਐਸਐਫ਼ ਵਿਚ ਭਰਤੀ ਹੋਏ ਸਨ। ਇਹ ਸੁਰੱਖਿਆ ਬਲ ਉਘੇ ਵਿਅਕਤੀਆਂ ਦੀ ਰਾਖੀ ਕਰਦਾ ਹੈ।