ਸੁਨਾਮ : ਭਾਰਤੀ ਚੋਣ ਕਮਿਸ਼ਨ ਵੱਲੋਂ ਬਜ਼ੁਰਗਾਂ ਅਤੇ ਨਾ ਤੁਰ ਸਕਣ ਵਾਲਿਆਂ ਨੂੰ ਘਰ ਬੈਠਿਆਂ ਵੋਟ ਪਾਉਣ ਦੇ ਦਿੱਤੇ ਅਧਿਕਾਰ ਤਹਿਤ ਸੋਮਵਾਰ ਨੂੰ ਸੁਨਾਮ ਵਿਖੇ 85 ਸਾਲਾਂ ਦੇ ਬਜ਼ੁਰਗ ਜੋੜੇ ਮਾਸਟਰ ਅੰਤਰ ਸਿੰਘ ਆਨੰਦ ਅਤੇ ਉਨ੍ਹਾਂ ਦੀ ਪਤਨੀ ਨੇ ਪਹਿਲੀ ਜੂਨ ਨੂੰ ਲੋਕ ਸਭਾ ਦੀ ਹੋ ਰਹੀ ਚੋਣ ਵਿੱਚ ਘਰ ਬੈਠਿਆਂ ਵੋਟ ਪਾਈ, ਉਂਜ ਸ਼ਹਿਰ ਅੰਦਰ ਹੋਰਨਾਂ ਬਜ਼ੁਰਗਾਂ ਅਤੇ ਦਿਵਿਆਂਗਾ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਘਰ ਬੈਠਕੇ ਕੀਤੀ। ਇਸ ਮੋਕੇ 85 ਸਾਲਾਂ ਦੇ ਬਜ਼ੁਰਗ ਜੋੜੇ ਸੇਵਾ ਮੁਕਤ ਅਧਿਆਪਕ ਮਾਸਟਰ ਅੰਤਰ ਸਿੰਘ ਆਨੰਦ ਅਤੇ ਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਬਜ਼ੁਰਗਾਂ ਅਤੇ ਦਿਵਿਆਂਗਾਂ ਨੂੰ ਘਰ ਬੈਠਿਆਂ ਵੋਟ ਪਾਉਣ ਦਾ ਅਧਿਕਾਰ ਦੇਕੇ ਸਰਾਹੁਣਯੋਗ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਲੋਕਤੰਤਰ ਵਿੱਚ ਵੋਟ ਪਾਉਣੀ ਚਾਹੀਦੀ ਹੈ, ਉਨ੍ਹਾਂ ਦੱਸਿਆ ਕਿ ਉਹ 13ਵੀਂ ਵਾਰ ਲੋਕ ਸਭਾ ਲਈ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਰਹੇ ਹਨ । ਘਰ ਘਰ ਜਾਕੇ ਵੋਟ ਪੋਲ ਕਰਵਾਉਣ ਵਾਲੇ ਡਿਊਟੀ ਸੈਕਟਰ ਅਫ਼ਸਰ ਦਮਨਪ੍ਰੀਤ ਸਿੰਘ, ਸਹਾਇਕ ਸੈਕਟਰ ਅਫ਼ਸਰ ਸੁਖਪਾਲ ਸਿੰਘ, ਗੁਰਸਿਮਰਤ ਸਿੰਘ ਜਖੇਪਲ, ਅਰੁਣ ਸ਼ਰਮਾ, ਅਵਤਾਰ ਸਿੰਘ,ਏ ਕੁਮਰੇਸ਼ਨ ਆਦਿ ਨੇ ਦੱਸਿਆ ਕਿ ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਹੜੇ ਬਜ਼ੁਰਗ ਅਤੇ ਦਿਵਿਆਂਗ ਪੋਲਿੰਗ ਬੂਥ ਤੇ ਜਾਕੇ ਆਪਣੀ ਵੋਟ ਨਹੀਂ ਪਾ ਸਕਦੇ ਉਨ੍ਹਾਂ ਤੋਂ ਘਰ ਜਾਕੇ ਵੋਟਾਂ ਪਵਾਈਆਂ ਜਾ ਰਹੀਆਂ ਹਨ।