ਨਵੀਂ ਦਿੱਲੀ : ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਅਨੁਮਾਨ ਮੁਤਾਬਕ ਕੇਰਲਾ ਵਿਚ ਮਾਨਸੂਨ ਦੀ ਆਮਦ ਅਪਣੇ ਆਮ ਸਮੇਂ ’ਤੇ ਇਕ ਜੂਨ ਦੇ ਨੇੜੇ-ਤੇੜੇ ਹੋਵੇਗੀ। ਧਰਤ ਵਿਗਿਆਨ ਮੰਤਰਾਲੇ ਵਿਚ ਸਕੱਤਰ ਐਮ ਰਾਜੀਵਨ ਨੇ ਵੀਰਵਾਰ ਨੂੰ ਇਸ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਮੌਸਮ ਵਿਭਾਗ 15 ਮਈ ਨੂੰ ਅਧਿਕਾਰਤ ਮਾਨਸੂਨ ਅਗਾਊਂ ਅਨੁਮਾਨ ਜਾਰੀ ਕਰੇਗਾ। ਰਾਜੀਵਨ ਨੇ ਕਿਹਾ, ‘ਇਹ ਮੁਢਲਾ ਅਨੁਮਾਨ ਹੈ। ਕੇਰਲਾ ਵਿਚ ਮਾਨਸੂਨ ਇਕ ਜੂਨ ਦੇ ਨੇੜੇ-ਤੇੜੇ ਆ ਸਕਦੀ ਹੈ।’ ਮੌਸਮ ਵਿਭਾਗ ਦੁਆਰਾ 15 ਮਈ ਨੂੰ ਦਸਿਆ ਜਾਵੇਗਾ ਕਿ ਦੇਸ਼ ਦੇ ਕਿਹੜੇ ਹਿੱਸੇ ਵਿਚ ਮਾਨਸੂਨ ਦੀ ਦਸਤਕ ਕਦੋਂ ਹੋਵੇਗੀ। ਦੇਸ਼ ਵਿਚ ਕੋਰੋਨਾ ਮਹਾਂਮਾਰੀ ਵਿਚਾਲੇ ਮਾਨਸੂਨ ਦੇ ਮੋਰਚੇ ’ਤੇ ਇਹ ਖ਼ਬਰ ਨਿਸ਼ਚੇ ਹੀ ਰਾਹਤ ਦੇਣ ਵਾਲੀ ਹੈ। ਕਿਹਾ ਗਿਆ ਹੈ ਕਿ ਦਖਣੀ-ਪਛਮੀ ਮਾਨਸੂਨ ਇਸ ਸਾਲ ਆਮ ਰਹਿ ਸਕਦੀ ਹੈ। ਦੇਸ਼ ਵਿਚ 75 ਫ਼ੀਸਦੀ ਮੀਂਹ ਦਖਣੀ-ਪਛਮੀ ਮਾਨਸੂਨ ਦੇ ਕਾਰਨ ਹੁੰਦੀ ਹੈ।