ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚੋਣ ਡਿਊਟੀ ਵਿੱਚ ਲੱਗੇ ਸਟਾਫ ਨੂੰ ਵਾਤਾਵਰਣ ਦੀ ਸੰਭਾਲ ਲਈ ਜਾਗਰੂਕ ਕਰਨ ਵਾਸਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਣਾਏ ਗਏ ਫੈਸਲੀਟੇਸ਼ਨ ਸੈਂਟਰ ਵਿਖੇ ਜ਼ਿਲ੍ਹੇ ਦੇ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੇ ਗਏ ਜੂਟ ਬੈਗ ਵੰਡੇ ਗਏ। ਇਹ ਜੂਟ ਦੇ ਬੈਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਸੁਰਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਬਣਾਏ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਅੱਜ ਜਿਸ ਤੇਜੀ ਨਾਲ ਸਾਡਾ ਵਾਤਾਵਰਣ ਪ੍ਰਦੂਸ਼ਤ ਹੁੰਦਾ ਜਾ ਰਿਹਾ ਹੈ ਉਹ ਸਾਡੇ ਸਾਰਿਆਂ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਜੇਕਰ ਵਾਤਾਵਰਣ ਦੀ ਸੁਚੱਜੀ ਸੰਭਾਲ ਲਈ ਅਸੀਂ ਹੁਣ ਵੀ ਸੁਚੇਤ ਨਾ ਹੋਏ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸਾਂਭ ਸੰਭਾਲ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਪਵੇਗਾ ਤਾਂ ਜੋ ਕੁਦਰਤ ਵੱਲੋਂ ਬਖਸ਼ੇ ਗਏ ਸਰੋਤਾਂ ਨੂੰ ਸਦੀਵੀਂ ਕਾਇਮ ਰੱਖਿਆ ਜਾ ਸਕੇ।
ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਜੂਟ ਬੈਗ ਵੰਡਣ ਦਾ ਮੰਤਵ ਇਹ ਵੀ ਹੈ ਕਿ ਚੋਣਾ ਦੌਰਾਨ ਕਿਸੇ ਕਿਸਮ ਦੇ ਪਲਾਸਟਿਕ ਨਾਲ ਬਣੇ ਲਿਫਾਫਿਆਂ ਤੇ ਹੋਰ ਸਮਾਨ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਪਲਾਸਟਿਕ ਨਾਲ ਬਣੇ ਲਿਫਾਫੇ ਤੇ ਹੋਰ ਸਮਾਨ ਮਨੁੱਖੀ ਸਿਹਤ ਲਈ ਕਾਫੀ ਘਾਤਕ ਸਿੱਧ ਹੋ ਸਕਦੇ ਹਨ। ਇਸ ਤੋਂ ਇਲਾਵਾ ਪਲਾਸਟਿਕ ਨਾਲ ਬਣਿਆਂ ਸਮਾਨ ਵਾਤਾਵਰਣ ਲਈ ਵੀ ਖ਼ਤਰਨਾਕ ਹੁੰਦਾ ਹੈ, ਜਿਸ ਨੂੰ ਰੋਕਣਾ ਸਾਡੀ ਸਾਰਿਆਂ ਦੀ ਜਿੰਮੇਵਾਰੀ ਬਣਦੀ ਹੈ।