ਚੰਡੀਗੜ੍ਹ : ਪੰਜਾਬ ਵਿਚ ਨਵਜੋਤ ਸਿੰਘ ਸਿੱਧੂ ਨੇ ਜੋ ਪਿਛਲੇ ਦਿਨੀ ਰੌਲਾ ਪਾਇਆ ਸੀ ਜਿਸ ਨਾਲ ਕਾਂਗਰਸ ਦੀ ਛਵੀ ਖਰਾਬ ਹੋਈ ਸੀ, ਇਸੇ ਸਬੰਧੀ ਵਿਚ ਹੁਣ ਪੰਜਾਬ ਦੇ ਕਈ ਵੱਡੇ ਆਗੂ ਨਵਜੋਤ ਸਿੰਘ ਸਿੱਧੂ ਨਾਲ ਰਾਬਤਾ ਬਣਾ ਰਹੇ ਹਨ। ਜਿ਼ਕਰਯੋਗ ਹੈ ਕਿ ਬੇਅਦਬੀ ਦੇ ਮੁੱਦੇ 'ਤੇ ਸਭ ਤੋਂ ਵੱਧ ਤਤਕਾਲੀ ਅਕਾਲੀ-ਭਾਜਪਾ ਸਰਕਾਰ ਦੇ ਆਗੂਆਂ ਖ਼ਿਲਾਫ਼ ਝੰਡਾ ਬੁਲੰਦ ਕਰਨ ਵਾਲੇ ਵਿਧਾਇਕਾਂ, ਮੰਤਰੀਆਂ ਵੱਲੋਂ ਪੰਚਕੂਲਾ ਵਿਖੇ ਇਕ ਗੁਪਤ ਮੀਟਿੰਗ ਕੀਤੇ ਜਾਣ ਦੀ ਚਰਚਾ ਹੈ। ਦੱਸਿਆ ਜਾਂਦਾ ਕਿ ਇਸ ਮੀਟਿੰਗ ਵਿਚ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਤੇ ਕੁਝ ਹੋਰ ਵਿਧਾਇਕ ਸ਼ਾਮਲ ਹੋਏ। ਇਹ ਵੀ ਚਰਚਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਵਿਧਾਇਕ ਅਲੱਗ- ਅਲੱਗ ਗਰੁੱਪਾਂ ਵਿਚ ਮੀਟਿੰਗਾਂ ਕਰ ਰਹੇ ਹਨ।
ਇਹ ਰਾਬਤਾ ਇਸ ਲਈ ਬਣਾਇਆ ਜਾ ਰਿਹਾ ਹੈ ਤਾਂ ਜੋ ਆਉਣ ਵਾਲੀਆਂ 2022 ਦੀਆਂ ਚੋਣਾਂ ਵਿਚ ਸੱਭ ਠੀਕ ਠਾਕ ਰਹੇ। ਜਾਣਕਾਰੀ ਮੁਤਾਬਕ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅਤੇ ਪ੍ਰਗਟ ਸਿੰਘ ਨਾਲ ਅੱਜ ਗੱਲਬਾਤ ਕਰਨਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰੰਧਾਵਾ ਤੋਂ ਇਲਾਵਾ ਹੋਰ ਕਾਂਗਰਸੀ ਆਗੂਆਂ ਨੇ ਇਹ ਸਲਾਹ ਬਣਾਈ ਸੀ ਕਿ ਜੇਕਰ ਸਿੱਧੂ ਕਿਸੇ ਹੋਰ ਪਾਰਟੀ ਵਿਚ ਚਲਾ ਗਿਆ ਤਾਂ ਪਾਰਟੀ ਨੂੰ ਨੂਕਸਾਨ ਹੋ ਸਕਦਾ ਹੈ। ਇਥੇ ਦਸ ਦਈਏ ਕਿ ਬੀਤੇ ਦਿਨੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਂਡ ਸਬੰਧੀ ਸਿੱਟ ਦੀ ਰੀਪੋਰਟ ਹਾਈ ਕੋਰਟ ਨੇ ਰੱਦ ਕਰ ਦਿਤੀ ਸੀ ਜਿਸ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਕਾਂਗਰਸ ਸਰਕਾਰ ਵਿਰੁਧ ਕਾਫੀ ਬਿਆਨ ਦਿਤੇ ਸਨ ਅਤੇ ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੀ ਵਾਹਵਾ ਝਾੜ ਝੰਭ ਕੀਤੀ ਸੀ ਅਤੇ ਟਵੀਟਰ ਉਤੇ ਵੀ ਸ਼ਬਦੀ ਜੰਗ ਸਿਖਰ ਉਤੇ ਸੀ। ਇਸੇ ਸੱਭ ਨੂੰ ਠੀਕ ਠਾਕ ਕਰਨ ਦੀ ਹੁਣ ਵਿਉਂਤਬੰਦੀ ਕੀਤੀ ਜਾ ਰਹੀ ਹੈ।