ਰੂਪਨਗਰ : ਕੋਰੋਨਾ ਮਰੀਜਾਂ ਦੇ ਇਲਾਜ ਲਈ ਵਰਤੀ ਜਾਂਦੀ ਵੈਕਸੀਨ ਦੀ ਵੱਡੀ ਖੇਪ ਭਾਖੜਾ ਨਹਿਰ ਵਿਚੋਂ ਬਰਾਮਦ ਹੋਣ ਮਗਰੋਂ ਇਕ ਤਰ੍ਹਾਂ ਦਾ ਹੜਕੰਪ ਜਿਹਾ ਮਚ ਗਿਆ ਹੈ। ਕਿਉਕਿ ਜਿਥੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਘਾਟ ਖਟਕ ਰਹੀ ਹੈ ਉਥੇ ਵੱਡੀ ਗਿਣਤੀ ਵਿਚ ਕੋਰੋਨਾ ਸਬੰਧੀ ਵੈਕਸੀਨ ਦਾ ਲਾਵਾਰਸ ਮਿਲਣਾ ਇਕ ਵੱਡੀ ਗੱਲ ਹੈ। ਦਰਾਸਲ ਇਹ ਸ਼ੱਕੀ ਰੈਮਡੇਸਿਵਰ ਇੰਜੈਕਸ਼ਨਾਂ ਦੀ ਵੱਡੀ ਖੇਪ ਦੇ ਨਾਲ ਹੀ ਸਰਕਾਰੀ ਸਪਲਾਈ ਵਾਲੇ ਐਂਟੀਬੈਟਿਕ ਇੰਜੈਕਸ਼ਨ ਸੈਫਰਾਪੇਰਾਜੋਨ ਦੀ ਖੇਪ ਵੀ ਨਹਿਰ ’ਚੋਂ ਮਿਲੀ ਹੈ।
ਇਸ ਸਬੰਧੀ ਡਰੱਗ ਇੰਸਪੈਕਟਰ ਨੇ ਦੱਸਿਆ ਕਿ ਰੈਮਡੇਸਿਵਿਰ ਇੰਜੈਕਸ਼ਨ ਸੱਤ ਕੰਪਨੀਆਂ ਬਣਾਉਦੀਆਂ ਹਨ ਅਤੇ ਇਨਾਂ ਸੱਤਾਂ ਕੰਪਨੀਆਂ ਦਾ ਰੂਪਨਗਰ ’ਚ ਕੋਈ ਸਟਾਕਿਸ਼ਟ ਨਹੀ ਹੈ। ਉਨ੍ਹਾਂ ਦੱਸਿਆ ਕਿ ਇਹ ਜਾਂਚ ਕੀਤੀ ਜਾ ਰਹੀ ਹੈ ਇਥੇ ਇਹ ਇੰਜੈਕਸ਼ਨ ਕਿਥੋਂ ਆਏ ਅਤੇ ਸਰਕਾਰੀ ਸਪਲਾਈ ਵਾਲੇ ਇੰਜੈਕਸ਼ਨ ਨਹਿਰ ’ਚ ਕਿਵੇਂ ਆ ਗਏ। ਉਨ੍ਹਾਂ ਦੱਸਿਆ ਕਿ ਨਹਿਰ ’ਚੋਂ ਮਿਲੇ ਰੈਮਡੇਸਿਵਿਰ ਇੰਜੈਕਸ਼ਨ ਦੀ ਫੋਟੋ ਜਦੋ ਉਨ੍ਹਾਂ ਅਧਿਕਾਰੀਆਂ ਦੇ ਸੋਸ਼ਲ ਮੀਡੀਆ ਉਤੇ ਬਣੇ ਇਕ ਗਰੁੱਪ ’ਚ ਸ਼ੇਅਰ ਕੀਤੀ ਤਾਂ ਸ਼ੁਰੂਆਤੀ ਦੌਰ ’ਚ ਪਤਾ ਲੱਗਾ ਹੈ ਕਿ ਇਹ ਇੰਜੈਕਸ਼ਨ ਜਾਅਲੀ ਹਨ ਅਤੇ ਰੂਪਨਗਰ ’ਚ ਇਹ ਕਿਵੇਂ ਆਏ ਇਸ ਦੇ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਮੌਕੇ ਤੇ ਪਹੁੰਚੇ ਡੀ.ਐੱਸ. ਪੀ ਚਮਕੌਰ ਸਾਹਿਬ ਸੁਖਜੀਤ ਸਿੰਘ ਵਿਰਕ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਸ਼ਕਾਇਤ ਮਿਲਣ ਦੇ ਬਾਅਦ ਇਸ ਮਾਮਲੇ ’ਚ ਕਾਰਵਾਈ ਕੀਤੀ ਜਾਵੇਗੀ। ਜਦੋ ਕਿ ਹਾਲੇ ਸ਼ੁਰੂਆਤੀ ਜਾਂਚ ਜਾਰੀ ਹੈ। ਜਾਣਕਾਰੀ ਮੁਤਾਬਕ 300 ਦੇ ਕਰੀਬ ਰੈਮਡੇਸਿਵਿਰ ਇੰਜੈਕਸ਼ਨ ਮਿਲੇ ਹਨ।