ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਰੇਲਵੇ ਨੇ ਕਈ ਟਰੇਨਾਂ ਰੱਦ ਕਰ ਦਿਤੀਆਂ ਹਨ। ਉਤਰੀ ਰੇਲਵੇ ਨੇ 9 ਮਈ ਤੋਂ ਰਾਜਧਾਨੀ, ਸ਼ਤਾਬਦੀ ਅਤੇ ਦੁਰੰਤੋ ਐਕਸਪ੍ਰੈਸ ਜਿਹੀਆਂ 28 ਜੋੜੀ ਟਰੇਨਾਂ ਨੂੰ ਅਸਥਾਈ ਤੌਰ ’ਤੇ ਰੋਕ ਦਿਤਾ ਹੈ। ਹੁਕਮ ਵਿਚ ਕਿਹਾ ਗਿਆ ਹੈ ਕਿ ਉਤਰੀ ਰੇਲਵੇ ਨੇ ਘੱਟ ਯਾਤਰੀਆਂ ਅਤੇ ਕੋਵਿਡ ਕੇਸਾਂ ਵਿਚ ਵਾਧੇ ਕਾਰਨ ਇਨ੍ਹਾਂ ਟਰੇਨਾਂ ਨੂੰ ਅਗਲੇ ਹੁਕਮਾਂ ਤਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਵਿਚ 8 ਜੋੜੀ ਸ਼ਤਾਬਦੀ, 3 ਜੋੜੀ ਜਨ ਸ਼ਤਾਬਦੀ ਅਤੇ ਦੋ-ਦੋ ਜੋੜੀ ਰਾਜਧਾਨੀ ਤੇ ਦੁਰੰਤੋ ਐਕਸਪ੍ਰੈਸ ਗੱਡੀਆਂ ਸ਼ਾਮਲ ਹਨ। ਇਨ੍ਹਾਂ ਟਰੇਨਾਂ ਵਿਚ ਚੰਡੀਗੜ੍ਹ ਵਾਲੀ ਜਨ ਸ਼ਤਾਬਦੀ ਐਕਸਪ੍ਰੈਸ ਅਤੇ ਨਵੀਂ ਦਿੱਲੀ ਤੋਂ ਵੈਸ਼ਨੋ ਦੇਵੀ ਕਟੜਾ ਜਾਣ ਵਾਲੀ ਵੰਦੇ ਮਾਤਰਮ ਐਕਸਪ੍ਰੈਸ ਵੀ ਸ਼ਾਮਲ ਹਨ। ਪਿਛਲੇ ਸਾਲ ਵੀ ਕੋਰੋਨਾ ਕਾਰਨ ਕਈ ਮੁਸਾਫ਼ਰ ਰੇਲ ਗੱਡੀਆਂ ਨੂੰ ਰੱਦ ਕਰ ਦਿਤਾ ਗਿਆ ਸੀ। ਕਈ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਸਨ ਕਿ ਛੇਤੀ ਹੀ ਰੇਲ ਗੱਡੀਆਂ ਰੱਦ ਕੀਤੀਆਂ ਜਾ ਸਕਦੀਆਂ ਹਨ।