ਅੰਮ੍ਰਿਤਸਰ : ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਹੁਕਮ ਜਾਰੀ ਕਰਦੇ ਹੋਏ ਡਿਊਟੀ ਦੌਰਾਨ ਮੁਲਾਜ਼ਮਾਂ ਦੇ ਫੋਨ ‘ਤੇ ਚੈਟ ਕਰਨ ‘ਤੇ ਪਾਬੰਦੀ ਲਾ ਦਿੱਤੀ ਹੈ। ਪੁਲਿਸ ਮੁਲਾਜ਼ਮਾਂ ਨੂੰ ਸਮਾਰਟ ਫੋਨ ਦੀ ਗੈਰ-ਜ਼ਰੂਰੀ ਵਰਤੋਂ ‘ਤੇ ਵੀ ਰੋਕ ਲਾ ਦਿੱਤੀ ਗਈ ਹੈ। ਡਿਊਟੀ ਦੌਰਾਨ ਜੇਕਰ ਕੋਈ ਮੁਲਾਜ਼ਮ ਰੀਲਸ ਵੇਖਦਾ ਫੜਿਆ ਗਿਆ ਤਾਂ ਉਸ ‘ਤੇ ਕਾਰਵਾਈ ਕੀਤੀ ਜਾਵੇਗੀ। ਸਾਰੇ ਪੁਲਿਸ ਮੁਲਾਜਮਾਂ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਪੁਲਿਸ ਕਰਮਚਾਰੀ ਡਿਊਟੀ ਦੌਰਾਨ ਲਗਾਤਾਰ ਮੋਬਾਇਲ ਫੋਨ ਦੀ ਵਰਤੋ ਕਰਦੇ ਹਨ, ਉਹਨਾਂ ਦਾ ਧਿਆਨ ਉਹਨਾ ਵੱਲੋਂ ਕੀਤੀ ਜਾਣ ਵਾਲੀ ਡਿਊਟੀ ਵੱਲ ਬਿਲਕੁੱਲ ਨਹੀਂ ਹੁੰਦਾ ਜਦੋਂ ਕਿ ਉਹ ਅਰਾਮ ਨਾਲ ਕੁਰਸੀ ਤੇ ਬੈਠ ਕੇ, ਗੱਡੀਆ ਵਿੱਚ ਬੈਠ ਕੇ ਅਤੇ ਡਿਊਟੀ ਵਾਲੇ ਸਥਾਨ ਤੇ ਸਮਾਰਟ ਫੋਨ ਤੇ ਸੋਸ਼ਲ ਮੀਡੀਆ ਜਾਂ ਹੋਰ ਚੈਟ ਆਦਿ ਵਿਚ ਬਿਜ਼ੀ ਰਹਿੰਦੇ ਹਨ, ਜਿਸ ਨਾਲ ਉਹਨਾਂ ਵੱਲੋਂ ਅਜਿਹਾ ਕਰਨ ਨਾਲ ਆਮ ਪਬਲਿਕ ਦੀ ਸੁਰੱਖਿਆ ਦੀ ਡਿਊਟੀ ਕਰਨਾ ਤਾ ਇਕ ਪਾਸੇ ਰਹਿ ਜਾਂਦਾ ਹੈ ਸਗੋਂ ਉਹਨਾਂ ਦੀ ਆਪਣੀ ਸੁਰੱਖਿਆ ਲਈ ਵੀ ਖਤਰੇ ਤੋਂ ਖਾਲੀ ਨਹੀਂ ਹੁੰਦਾ ਹੈ।
ਇਸ ਲਈ ਹਦਾਇਤ ਕੀਤੀ ਜਾਂਦੀ ਹੈ ਭਵਿੱਖ ਵਿਚ ਜੇ ਕੋਈ ਕਰਮਚਾਰੀ ਆਪਣੀ ਕਿਸੇ ਵੀ ਤਰ੍ਹਾਂ ਦੀ ਡਿਊਟੀ ਦੌਰਾਨ ਸਮਾਰਟ ਫੋਨ ਦੀ ਸਕਰੀਨ ‘ਤੇ ਕੁਝ ਵੀ ਦੇਖਦਾ ਪਾਇਆ ਗਿਆ ਤਾਂ ਇਸ ਨੂੰ ਉਸ ਦੀ ਬਣਦੀ ਸਰਕਾਰੀ ਡਿਊਟੀ ਵਿਚ ਅਣਗਹਿਲੀ ਅਤੇ ਕੁਤਾਹੀ ਸਮਝਿਆ ਜਾਵੇਗਾ ਅਤੇ ਉਸ ਦੇ ਵਿਰੁੱਧ ਅਨੁਸ਼ਾਸ਼ਨਿਕ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਜੇਕਰ ਅਤਿ ਜ਼ਰੂਰੀ ਹੋਵੇ ਤਾਂ ਡਿਊਟੀ ਦੌਰਾਨ ਫੋਨ ਸੁਨਣ ਜਾਂ ਕਰਨ ਤੱਕ ਹੀ ਸੀਮਤ ਰਿਹਾ ਜਾਵੇ ਪ੍ਰੰਤੂ ਉਸ ਸਮੇਂ ਵੀ ਡਿਊਟੀ ਵਾਲੀ ਜਗ੍ਹਾ ‘ਤੇ ਲੱਗੇ ਆਪਣੇ ਡਿਊਟੀ ਪੁਆਇੰਟ ਪਰ ਚੌਕਸ ਰਹਿ ਕੇ ਡਿਊਟੀ ਨਿਭਾਈ ਜਾਵੇ।
ਇਸ ਹੁਕਮ ਸਬੰਧੀ ਸਬੰਧਤ ਮੁੱਖ ਅਫਸਰਾਨ ਥਾਣਾ, ਸਮੂਹ ਜੀ.ਓਜ਼ ਅਤੇ ਸਬੰਧਤ ਡਿਊਟੀ ਇੰਚਾਰਜ ਆਪਣੇ ਅਧੀਨ ਕਰਮਚਾਰੀਆ ਨੂੰ ਜਾਣੂ ਕਰਵਾਉਣਗੇ ਅਤੇ ਚੰਗੀ ਤਰ੍ਹਾਂ ਨਾਲ ਬਰੀਫ ਕਰਨ ਦੇ ਜ਼ਿੰਮੇਵਾਰ ਹੋਣਗੇ ਅਤੇ ਉਹਨਾਂ ਨੂੰ ਗਾਹੇ-ਬਗਾਹੇ ਚੈਕ ਕਰਨਗੇ ਅਤੇ ਇਸ ਹੁਕਮ ਦੀ ਪਾਲਣਾ ਕਰਵਾਉਣ ਦੇ ਜ਼ਿੰਮੇਵਾਰ ਹੋਣਗੇ। ਜੇਕਰ ਕੋਈ ਕਰਮਚਾਰੀ ਤਾੜਨਾ ਕਰਨ ਦੇ ਬਾਵਜੂਦ ਵੀ ਅਜਿਹੀ ਹਰਕਤ ਤੋਂ ਬਾਜ ਨਹੀਂ ਆਉਦਾ ਤਾਂ ਉਸ ਦੇ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਕਰਨ ਜਾਂ ਉਸ ਪਾਸ ਡਿਊਟੀ ਦੌਰਾਨ ਸਮਾਰਟ ਫੋਨ ਨਾਂ ਰਖੱਣ ਦੀ ਹਦਾਇਤ ਕੀਤੀ ਜਾਵੇ।