ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਨੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਭ ਤੋਂ ਵੱਡੇ ਸਿੱਖ ਜਰਨੈਲ ਅਤੇ ਮਹਾਨ ਸ਼ਹੀਦ ਹੋਰ ਨਿਬੜਿਆ । ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਲੈ ਕੇ 12 ਮਈ 1710 ਈਸਵੀ ਨੂੰ ਚਪੜਚਿੜੀ ਦੇ ਮੈਦਾਨ ਵਿੱਚ ਮੁਗਲ ਸਲਤਨਤ ਦਾ ਖਾਤਮਾ ਕੀਤਾ ਅਤੇ 14 ਮਈ 1710 ਨੂੰ ਸਰਹੰਦ ਤੇ ਫਤਿਹ ਕਰਕੇ ਪਹਿਲਾ ਖਾਲਸਾਈ ਰਾਜ ਸਥਾਪਿਤ ਕੀਤਾ ਤੇ ਜਮੀਨ ਵਹਾਕਾਂ ਨੂੰ ਉਹਨਾਂ ਦੀ ਮਲਕੀਤੀ ਦੇ ਹੱਕ ਦਿਵਾਏ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਸਿੱਕਾ ਚਲਾਇਆ ਮੋਹਰ ਬਣਾਈ । ਉਹਨਾਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਵਡੇਰੇ ਕਾਰਨਾਮਿਆਂ ਨਾਲ ਜਿੱਤਾਂ ਹਾਸਲ ਕੀਤੀਆਂ ਗਈਆਂ ਤੇ ਥੋੜੇ ਸਮੇਂ ਵਿੱਚ ਹੀ ਅੱਧੇ ਉੱਤਰੀ ਭਾਰਤ ਤੇ ਜਿੱਤ ਪ੍ਰਾਪਤ ਕੀਤੀ ।
ਪ੍ਰੋ. ਬਡੁੰਗਰ ਨੇ ਕਿਹਾ ਕਿ ਮੁਗਲ ਹਕੂਮਤ ਵੱਲੋਂ 24 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ, ਉਨਾਂ ਦੇ ਪਤਨੀ ਸੁਸ਼ੀਲ ਕੌਰ ਅਤੇ ਬੇਟੇ ਅਜੇ ਸਿੰਘ ਨੂੰ ਬੜੇ ਹੀ ਅਕਿਹ ਅਤੇ ਅਸਿਹ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਉਹਨਾਂ ਦੇ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਕਾਰਜਕਾਲ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਨ, ਸ਼ਹੀਦੀ ਦਿਹਾੜਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਗਈ ਸਰਹੰਦ ਫਤਿਹ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਉਣੇ ਆਰੰਭ ਕਰਵਾਏ ਸਨ। ਉਹਨਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਜੋ ਆਪਣੇ ਸੱਭਿਆਚਾਰ ਅਤੇ ਵਿਰਸੇ ਤੋਂ ਟੁੱਟਦੀ ਜਾ ਰਹੀ ਉਸ ਨੂੰ ਚਾਹੀਦਾ ਹੈ ਕਿ ਆਪਣਾ ਇਤਿਹਾਸ ਪੜ੍ਹ ਕੇ ਆਪਣੇ ਮਹਾਨ ਵਿਰਸੇ ਨਾਲ ਜੁੜਨ।