04ਅਤੇ 05 ਜੁਲਾਈ ਨੂੰ ਸਬ-ਡਵੀਜ਼ਨ ਮਾਲੇਰਕੋਟਲਾ ਅਤੇ ਮਿਤੀ 06 ਜੁਲਾਈ ਨੂੰ ਸਬ-ਡਵੀਜ਼ਨ ਅਹਿਮਦਗੜ੍ਹ ਵਿਖੇ ਵੱਖ ਵੱਖ ਖੇਡਾਂ ਦੇ ਕਰਵਾਏ ਜਾਣਗੇ ਖੇਡ ਮੁਕਾਬਲੇ
ਮਾਲੇਰਕੋਟਲਾ : ਮੁੱਖ ਮੰਤਰੀ, ਪੰਜਾਬ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵੱਲੋ ਨਸ਼ਿਆਂ ਨੂੰ ਪੰਜਾਬ ਵਿੱਚੋ ਜੜ੍ਹ ਤੋਂ ਖਤਮ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਨਸ਼ੇ ਦੀ ਸਪਲਾਈ ਨੂੰ ਹੇਠਲੇ ਪੱਧਰ ਤੱਕ ਬਿਲਕੁਲ ਖਤਮ ਕਰਨ ਲਈ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵ, ਸਮਾਜਿਕ ਬੁਰਾਈਆਂ,ਆਪਣਾ ਧਿਆਨ ਪੜਾਈ ਤੇ ਖੇਡਾਂ ਵਿੱਚ ਦੇਣ, ਜਿੰਮੇਵਾਰ ਨਾਗਰਿਕ ਬਨਣ, ਸਰੀਰਕ ਤੰਦਰੁਸਤੀ ਨੂੰ ਉਤਸ਼ਾਹਤ ਕਰਨ ਲਈ ਜ਼ਿਲ੍ਹੇ ਦੀਆਂ ਸਮੁੱਚੀਆਂ ਸਬ ਡਵੀਜਨਾਂ ਵਿਖੇ ਖੇਡ ਮੁਕਾਬਲੇ ਅਤੇ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਨ੍ਹਾਂ ਗੱਲ ਦੀ ਜਾਣਕਾਰੀ ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਡਾ.ਸਿਮਰਤ ਕੌਰ ਨੇ ਸਵ: ਮੈਂਗਲ ਸਿੰਘ ਵਾਲੀਬਾਲ ਟਰੱਸਟ ਅਮਰਗੜ੍ਹ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅਮਰਗੜ੍ਹ ਵਿਖੇ ਕਰਵਾਏ ਗਏ ਵਾਲੀਬਾਲ ਟੂਰਨਾਮੈਂਟ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਅਮਰਗੜ੍ਹ ਸ੍ਰੀਮਤੀ ਸੁਰਿੰਦਰ ਕੌਰ, ਕਪਤਾਨ ਪੁਲਿਸ (ਸਥਾਨਕ) ਸ੍ਰੀਮਤੀ ਸਵਰਨਜੀਤ ਕੌਰ, ਉਪ ਕਪਤਾਨ ਪੁਲਿਸ (ਇੰਨ) ਸ੍ਰੀ ਸਤੀਸ਼ ਕੁਮਾਰ, ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਅਮਰਗੜ੍ਹ ਸ੍ਰੀ ਸੁਰਿੰਦਰਪਾਲ ਸਿੰਘ, ਮੁੱਖ ਅਫ਼ਸਰ ਥਾਣਾ ਅਮਰਗੜ੍ਹ ਮਨਜੀਤ ਸਿੰਘ ਤੋਂ ਇਲਾਵਾ ਹੋਰ ਮੋਹਤਬਰ ਮੌਜੂਦ ਸਨ। ਇਸ ਮੌਕੇ ਇਸ ਟੂਰਨਾਮੈਂਟ ਵਿੱਚ ਸਬ-ਡਵੀਜ਼ਨ ਅਮਰਗੜ੍ਹ ਦੀਆ ਟੀਮਾਂ ਨੇ ਭਾਗ ਲਿਆ।
ਟੂਰਨਾਮੈਂਟ ਦੌਰਾਨ ਆਮ ਲੋਕਾਂ ਅਤੇ ਨੌਜਵਾਨਾ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਉਂਦਿਆਂ ਐਸ.ਐਸ.ਪੀ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਸਿਰ ਤੋੜ ਯਤਨ ਜਾਰੀ ਰਹਿਣਗੇ। ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਲਿਜਾਣ ਦਾ ਇਹ ਤਰੀਕਾ ਬਹੁਤ ਹੀ ਕਾਰਗਰ ਸਾਬਿਤ ਹੋ ਰਿਹਾ ਹੈ। ਉਹਨਾਂ ਨਸ਼ਾ ਤਸਕਰਾਂ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਇਸ ਗੈਰਕਾਨੂੰਨੀ ਕੰਮ ਨੂੰ ਬੰਦ ਕਰ ਦੇਣ ਨਹੀਂ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਹੋਰ ਦੱਸਿਆ ਕਿ ਨਸ਼ਿਆਂ ਨੂੰ ਖਤਮ ਕਰਨ ਅਤੇ ਮਾੜੇ ਪ੍ਰਭਾਵਾਂ ਤੋ ਨੌਜਵਾਨਾ ਨੂੰ ਜਾਗਰੂਕ ਕਰਨ ਸਬੰਧੀ ਪਿੰਡਾ/ਸ਼ਹਿਰਾਂ ਦੇ ਕਲੱਬਾਂ ਦੇ ਸਹਿਯੋਗ ਨਾਲ ਮਿਤੀ 04 ਜੁਲਾਈ ਅਤੇ 05 ਜੁਲਾਈ ਨੂੰ ਸਬ-ਡਵੀਜ਼ਨ ਮਾਲੇਰਕੋਟਲਾ ਵਿਖੇ ਅਤੇ ਮਿਤੀ 06ਜੁਲਾਈ ਨੂੰ ਸਬ-ਡਵੀਜ਼ਨ ਅਹਿਮਦਗੜ੍ਹ ਵਿਖੇ ਵੱਖ ਵੱਖ ਖੇਡਾਂ (ਕ੍ਰਿਕਟ, ਰੱਸਾ ਕਸੀ, ਵਾਲੀਬਾਲ, ਕੁਸ਼ਤੀ) ਦੇ ਟੂਰਨਾਮੈਂਟਾਂ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਅਜਿਹੇ ਮਾੜੇ ਅਨਸਰਾਂ ਅਤੇ ਗੈਰ ਕਾਨੂੰਨੀ ਗਤੀਵਿਧੀ ਵਿਅਕਤੀਆਂ ਬਾਰੇ ਪਬਲਿਕ ਨੂੰ ਕੋਈ ਵੀ ਸੂਚਨਾ ਮਿਲਦੀ ਹੈ ਤਾਂ ਉਸ ਸਬੰਧੀ ਜਾਣਕਾਰੀ ਪੁਲਿਸ ਨਾਲ ਸਾਂਝੀ ਕੀਤੀ ਜਾਵੇ, ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।