ਨਵੀਂ ਦਿੱਲੀ : ਹਰ ਸਾਲ ਮਈ 'ਚ ਗਰਮੀ ਆਪਣੇ ਸਿਖਰ 'ਤੇ ਹੁੰਦੀ ਹੈ ਪਰ ਇਸ ਵਾਰ ਮਾਨਸੂਨ ਤੋਂ ਪਹਿਲਾਂ ਦੀਆਂ ਮੌਸਮ ਸਬੰਧੀ ਸਰਗਰਮੀਆਂ ਕਾਰਨ ਹਾਲਾਤ ਬਦਲੇ ਹੋਏ ਹਨ। ਪੱਛਮੀ ਰਾਜਸਥਾਨ ਨੂੰ ਛੱਡ ਕੇ ਪੂਰੇ ਉੱਤਰੀ ਭਾਰਤ 'ਚ ਕਿਤੇ ਵੀ ਲੂ ਵਰਗਾ ਮਾਹੌਲ ਨਹੀਂ ਬਣਿਆ। ਮਾਨਸੂਨ ਵੀ ਆਪਣੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ ਤੇ ਤੈਅ ਸਮੇਂ 'ਤੇ ਕੇਰਲ ਪਹੁੰਚ ਜਾਵੇਗਾ। ਮਈ ਮਹੀਨਾ ਦਾ ਇਕ ਹਫ਼ਤਾ ਬੀਤ ਚੁੱਕਾ ਹੈ ਅਤੇ ਦੂਸਰੇ ਹਫ਼ਤੇ 'ਚ ਵੀ ਦੇਸ਼ ਦੇ ਕਿਸੇ ਹਿੱਸੇ 'ਚ ਲੂ ਚੱਲਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਖ਼ੁਸ਼ਕ ਤੇ ਗਰਮ ਮੌਸਮ ਬਣਿਆ ਰਹਿ ਸਕਦਾ ਹੈ।
ਸਕਾਈਮੇਟ ਦੇ ਉਪ ਪ੍ਰਧਾਨ ਮਹੇਸ਼ ਪਲਾਵਤ ਮੁਤਾਬਕ ਛੋਟੇ ਅਤੇ ਮੱਧ ਪੱਧਰ ਦੇ ਮੌਸਮੀ ਚੱਕਰਾਂ ਦਾ ਮਿਸ਼ਰਣ ਲੂ ਵਾਲੇ ਹਾਲਾਤ ਤੋਂ ਬਚਾਉਣ 'ਚ ਮਦਦਗਾਰ ਸਾਬਤ ਹੋ ਰਿਹਾ ਹੈ। ਉੱਤਰ ਵੱਲ ਪੱਛਮੀ ਗੜਬੜੀ ਦੀ ਇਕ ਲੜੀ ਬਣੀ ਹੈ ਜੋ ਮੈਦਾਨੀ ਹਵਾਵਾਂ ਅਤੇ ਧੂੜ ਤੋਂ ਰਾਹਤ ਦੇਣ ਵਾਲੇ ਖੇਤਰ 'ਤੇ ਅਸਰ ਛੱਡਦੇ ਹੋਏ ਉੱਤਰ ਅਤੇ ਉਪਰ ਵੱਲ ਗਰਮੀ ਨੂੰ ਘੱਟ ਕਰ ਰਹੀ ਹੈ।
ਦਿੱਲੀ-ਐੱਨਸੀਆਰ 'ਚ 11 ਤੋਂ 14 ਮਈ ਵਿਚਾਲੇ ਮੌਸਮ ਮੁੜ ਤੋਂ ਕਰਵਟ ਬਦਲੇਗਾ। ਪੱਛਮੀ ਗੜਬੜੀ ਦੀ ਸਰਗਰਮੀ ਨਾਲ ਧੂੜ ਭਰੀ ਹਨੇਰੀ ਅੇਤ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਨਾਲ ਗਰਮੀ ਅਤੇ ਤਾਪਮਾਨ ਦੋਵਾਂ 'ਚ ਹੀ ਕੁਝ ਕਮੀ ਆਵੇਗੀ। ਹਾਲਾਂਕਿ ਇਸ ਦੌਰਾਨ ਸ਼ਨਿਚਰਵਾਰ ਨੂੰ ਧੁੱਪ ਨਿਕਲੇਗੀ ਤੇ ਗਰਮੀ ਵੀ ਬਣੀ ਰਹੇਗੀ।