ਪਟਿਆਲਾ : ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਹੈ ਕਿ ਦਿਵਿਆਂਗਜਨਾਂ ਨੂੰ ਲੋੜੀਂਦੇ ਨਕਲੀ ਅੰਗ ਅਤੇ ਹੋਰ ਸਹਾਇਕ ਉਪਕਰਨ ਉਨ੍ਹਾਂ ਦੀ ਲੋੜ ਮੁਤਾਬਕ ਨਾਲੋ-ਨਾਲ ਮੁਫ਼ਤ ਮੁਹੱਈਆ ਕਰਵਾਉਣ ਲਈ ਪਟਿਆਲਾ ਵਿਖੇ ਵੀ ਅਲਿਮਕੋ ਦਾ ਅਸੈਸਮੈਂਟ ਸੈਂਟਰ ਖੋਲ੍ਹਣ ਲਈ ਤਜਵੀਜ਼ ਤਿਆਰ ਕੀਤੀ ਜਾਵੇਗੀ। ਅਜਿਹਾ ਹੋਣ ਨਾਲ ਵਾਰ-ਵਾਰ ਅਜਿਹੇ ਕੈਂਪ ਲਾਉਣ ਦੀ ਲੋੜ ਨਹੀਂ ਪਵੇਗੀ ਤੇ ਤੁਰੰਤ ਅਸੈਸਮੈਂਟ ਕਰਕੇ ਇੱਕ ਦੋ ਦਿਨਾਂ ਦੇ ਅੰਦਰ-ਅੰਦਰ ਦਿਵਿਆਂਗਜਨਾਂ ਨੂੰ ਨਕਲੀ ਅੰਗ ਤੇ ਸਹਾਇਕ ਉਪਕਰਣ ਮਿਲ ਜਾਵੇਗਾ। ਸ਼ੌਕਤ ਅਹਿਮਦ ਪਰੇ ਅੱਜ ਇੱਥੇ ਜ਼ਿਲ੍ਹਾ ਡਿਸਏਬਿਲਟੀ ਸੈਂਟਰ ਵਿਖੇ ਤਿੰਨ ਰੋਜ਼ਾ ਮੁਫ਼ਤ ਦਿਵਿਆਂਗਜਨ ਉਪਕਰਣ ਵੰਡ ਕੈਂਪ ਦੀ ਸ਼ੁਰੂਆਤ ਕਰਨ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਦਿਵਿਆਂਗਜਨਾਂ ਨੂੰ ਸਮਾਜ ਦੀ ਮੁਖ ਧਾਰਾ ਵਿੱਚ ਲਿਆਉਣ ਲਈ ਸਰਕਾਰ ਨੇ ਉਹਨਾਂ ਦੇ ਕਲਿਆਣ ਅਤੇ ਪੁਨਰਵਾਸ ਦੇ ਲਈ ਅਨੇਕਾਂ ਪ੍ਰੋਗਰਾਮ ਉਲੀਕੇ ਹਨ, ਇਸੇ ਤਹਿਤ ਹੀ 12 ਜੁਲਾਈ ਤੱਕ ਪਟਿਆਲਾ ਜ਼ਿਲ੍ਹੇ ਦੇ ਉਨ੍ਹਾਂ ਦਿਵਿਆਂਗਜਨਾਂ ਨੂੰ 80 ਲੱਖ ਰੁਪਏ ਦੀ ਲਾਗਤ ਨਾਲ 319 ਸਹਾਇਕ ਉਪਕਰਣ ਮੁਫ਼ਤ ਵੰਡੇ ਜਾਣਗੇ, ਜਿਨ੍ਹਾਂ ਦੀ ਪਹਿਲਾਂ ਅਸੈਸਮੈਂਟ ਕੀਤੀ ਗਈ ਸੀ।
ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇਸ ਕੰਮ ਲਈ ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ (ਜੀ.ਆਈ.ਸੀ), ਨੇ ਆਪਣੇ ਸੀ.ਐਸ.ਆਰ. ਪ੍ਰੋਗਰਾਮ ਰਾਹੀ 51.21 ਲੱਖ ਦੀ ਸਹਾਇਤਾ ਕੀਤੀ ਹੈ। ਜਦੋਂ ਕਿ ਬਾਕੀ ਦੀ ਰਕਮ ਦਾ ਪ੍ਰਬੰਧ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ, ਭਾਰਤ ਸਰਕਾਰ ਦੇ ਦਿਵਿਆਂਗਜਨ ਸਸ਼ਕਤੀਕਰਨ ਵਿਭਾਗ ਦੇ ਅਧੀਨ ਕੰਮ ਕਰ ਰਹੇ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ)ਅਤੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਜ਼ਿਲਾ ਪ੍ਰਸ਼ਾਸਨ ਨੇ ਕੀਤਾ ਹੈ। ਅੱਜ ਲਗਭਗ 176 ਦਿਵਿਆਂਗਜਨਾਂ ਨੂੰ ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ ਦੀ ਸੀਐਸਆਰ ਸਕੀਮ ਯੋਜਨਾ ਤਹਿਤ ਲਗਭਗ ਸਹਾਇਕ ਉਪਕਰਣ ਵੰਡੇ ਗਏ। ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ ਦੀ ਸੀਐਸਆਰ ਸਕੀਮ ਦੀ ਯੋਜਨਾ ਦੇ ਅੰਤਰਗਤ ਅਲਿਮਕੋ ਵਲੋਂ ਬਣਾਏ ਕੁਲ 319 ਸਹਾਇਕ ਉਪਕਰਣ ਵੰਡੇ ਗਏ, ਜਿਨ੍ਹਾਂ ਵਿੱਚ 07 ਜਾਇਸਟਿਕ, 70 ਮੋਟਰਾਈਜ਼ਡ ਟਰਾਈਸਾਈਕਲ, 28 ਟਰਾਈਸਾਈਕਲ, 05 ਰੋਲੇਟਰ, 35 ਵਹੀਲ ਚੇਅਰ, 86 ਵਿਸਾਖੀਆਂ, 19 ਛੜੀਆਂ, 32 ਕੰਨਾਂ ਦੀਆਂ ਮਸ਼ੀਨਾਂ, 01 ਸੀ.ਪੀ ਚੇਅਰ ਅਤੇ 36 ਨਕਲੀ ਅੰਗ ਅਤੇ ਕੈਲੀਪਰ ਸ਼ਾਮਲ ਸਨ I ਸਮਾਰੋਹ ਵਿੱਚ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਵੱਲੋਂ ਡਾ. ਅਸ਼ੋਕ ਸਾਹੂ ਤੇ ਉਨ੍ਹਾਂ ਦੀ ਟੀਮ, ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ, ਵਿਜੇ ਗੋਇਲ, ਹਾਊਸਿੰਗ ਅਤੇ ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ ਦੇ ਨੁਮਾਇੰਦੇ ਅਤੇ ਲਾਭਪਾਤਰੀ ਮੌਜੂਦ ਸਨ।