ਪਟਿਆਲਾ : ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਸਥਿਤ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.) ਵਿਖੇ 'ਮਨੁੱਖੀ ਜ਼ਿੰਦਗੀ ਵਿੱਚ ਕਲਾ ਦੀ ਸਲਾਹੀਅਤ' ਵਿਸ਼ੇ ਉੱਤੇ ਸੰਵਾਦ ਰਚਾਇਆ ਗਿਆ। 'ਡਾ. ਰਵੀ ਖੋਜ ਸਕੂਲ' ਦੇ ਸਹਿਯੋਗ ਨਾਲ਼ ਕਰਵਾਏ ਇਸ ਪ੍ਰੋਗਰਾਮ ਵਿੱਚ ਖਾਲਸਾ ਕਾਲਜ ਚੰਡੀਗੜ੍ਹ ਤੋਂ ਪੁੱਜੇ ਡਾ. ਅੰਜੂ ਬਾਲਾ ਨੇ ਯੂਨੀਵਰਸਿਟੀ ਦੇ ਖੋਜਾਰਥੀਆਂ ਨਾਲ਼ ਵਿਸ਼ੇਸ਼ ਸੰਵਾਦ ਰਚਾਇਆ। ਉਨ੍ਹਾਂ ਪੰਜਾਬ ਵਿਚਲੀ ਕਲਾ ਦੇ ਇਤਿਹਾਸ, ਕਲਾ ਦੇ ਹਾਲਾਤ ਅਤੇ ਕਲਾ ਨੂੰ ਸਮਝਣ ਅਤੇ ਮਾਣਨ ਲਈ ਲੋੜੀਂਦੀ ਸਲਾਹੀਅਤ ਬਾਰੇ ਆਪਣੀ ਗੱਲ ਕੀਤੀ।
ਜ਼ਿਕਰਯੋਗ ਹੈ ਕਿ ਡਾ. ਅੰਜੂ ਨੇ ਵੀਹਵੀਂ ਸਦੀ ਦੀ ਸ਼ੁਰੂਆਤ ਵਿੱਚ ਪੰਜਾਬ ਦੇ ਕਲਾ ਅਤੇ ਸਾਹਿਤ ਖੇਤਰ ਦੀਆਂ ਪਹਿਲਕਦਮੀਆਂ ਨੂੰ ਅਧਾਰ ਬਣਾ ਕੇ ਖੋਜ ਕਾਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਇਤਿਹਾਸ ਵਿੱਚੋਂ ਨਜ਼ਰ ਆਉਂਦਾ ਹੈ ਕਿ ਇੱਥੋਂ ਦੀ ਕਲਾ, ਸਾਹਿਤ ਅਤੇ ਗਿਆਨ ਵਿਗਿਆਨ ਦੇ ਹੋਰ ਖੇਤਰਾਂ ਦਾ ਆਪਸ ਵਿੱਚ ਗੂੜ੍ਹਾ ਰਿਸ਼ਤਾ ਰਿਹਾ ਹੈ। ਉਨ੍ਹਾਂ ਉਸ ਸਮੇਂ ਦੇ ਵੱਡੇ ਕਲਾਕਾਰਾਂ ਅਤੇ ਵਿਗਿਆਨੀਆਂ ਦੀਆਂ ਆਪਸੀ ਦੋਸਤੀਆਂ ਬਾਰੇ ਗੱਲ ਕਰਦਿਆਂ ਬੀ. ਐੱਸ. ਸਾਨਿਆਲ, ਰੁਚੀ ਰਾਮ ਸਾਹਨੀ ਆਦਿ ਦਾ ਵਿਸ਼ੇਸ਼ ਤੌਰ ਉੱਤੇ ਜ਼ਿਕਰ ਕੀਤਾ।
ਉਸ ਸਮੇਂ ਦੇ ਮਾਹੌਲ ਵਿੱਚ ਸਮਰੱਥ ਅਦਾਰਿਆਂ ਦੇ ਹੋਂਦ ਵਿੱਚ ਆਉਣ ਅਤੇ ਦੇਸ ਵੰਡ ਉਪਰੰਤ ਲਗਾਤਾਰਤਾ ਵਿੱਚ ਅੱਗੇ ਵਧਣ ਬਾਰੇ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕਲਾ ਨੂੰ ਸਮਝਣਾ ਅਤੇ ਕਲਾ ਸੰਬੰਧੀ ਸਲਾਹੀਅਤ ਪੈਦਾ ਕਰਨਾ ਹਰ ਖੇਤਰ ਦੇ ਵਿਦਿਆਰਥੀ ਲਈ ਜ਼ਰੂਰੀ ਹੈ ਜੋ ਉਸ ਨੂੰ ਬਿਹਤਰ ਇਨਸਾਨ ਬਣਾਉਣ ਵਿੱਚ ਮਦਦ ਕਰਦਾ ਹੈ। ਕਲਾ ਨੂੰ ਜ਼ਿੰਦਗੀ ਵਿੱਚੋਂ ਮਨਫ਼ੀ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿੱਥੇ ਕਲਾ ਦੇ ਵਧਾਰੇ ਦੀ ਜ਼ਰੂਰਤ ਹੈ ਉੱਥੇ ਕਲਾ ਨਾਲ਼ ਜੁੜੀ ਵਿਰਾਸਤ ਨੂੰ ਸਮਝਣ ਦੀ ਵੀ ਲੋੜ ਹੈ।
ਈ. ਐੱਮ. ਆਰ. ਸੀ. ਦੇ ਡਾਇਰੈਕਟਰ ਦਲਜੀਤ ਅਮੀ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਯੂਨੀਵਰਸਿਟੀ ਜਿਹੇ ਅਦਾਰਿਆਂ ਵਿੱਚ ਅਜਿਹੇ ਵਿਸ਼ਿਆਂ ਉੱਤੇ ਨਿਰੰਤਰ ਸੰਵਾਦ ਹੋਣਾ ਜ਼ਰੂਰੀ ਹੈ। ਅਜਿਹਾ ਹੋਣਾ ਯੂਨੀਵਰਸਿਟੀ ਦੇ ਮਨੋਰਥ ਨਾਲ਼ ਮੇਲ ਖਾਂਦੀ ਗੱਲ ਹੈ ਕਿਉਂਕਿ ਜਦੋਂ ਵੱਖ-ਵੱਖ ਵਿਸ਼ੇ ਪੜ੍ਹ ਰਹੇ ਵਿਦਿਆਰਥੀ ਜਦੋਂ ਇਕੱਠੇ ਹੋ ਕੇ ਕਲਾ ਦੀ ਸਲਾਹੀਅਤ ਹਾਸਿਲ ਕਰਦੇ ਹਨ ਤਾਂ ਇਹ ਉਨ੍ਹਾਂ ਦੇ ਬਿਹਤਰ ਬਣਨ ਵਿੱਚ ਸਹਾਈ ਹੁੰਦਾ ਹੈ। ਇਸ ਮੌਕੇ ਪੰਜਾਬੀ ਵਿਭਾਗ ਤੋਂ ਪ੍ਰੋ. ਸੁਰਜੀਤ ਸਿੰਘ ਵਿਸ਼ੇਸ਼ ਤੌਰ ਉੱਤੇ ਹਾਜ਼ਰ ਹੋਏ। ਉਨ੍ਹਾਂ ਇਸ ਸੰਵਾਦ ਵਿੱਚ ਸ਼ਮੂਲੀਅਤ ਕਰਦਿਆਂ ਕਲਾ ਦੀ ਅਹਿਮੀਅਤ ਬਾਰੇ ਅਹਿਮ ਗੱਲਾਂ ਕੀਤੀਆਂ।