ਲਖਨਊ : ਯੂਪੀ ਦੇ ਬਾਗਵਤ ਜ਼ਿਲ੍ਹੇ ਵਿਚ ਸ਼ਮਸ਼ਾਨ ਅਤੇ ਕਬਰਿਸਤਾਨਾਂ ਤੋਂ ਕਫ਼ਨ ਚੋਰੀ ਕਰ ਕੇ ਉਨ੍ਹਾਂ ਨੂੰ ਮੁੜ ਵੇਚਣ ਵਾਲੇ ਗੈਂਗ ਦਾ ਪਰਦਾਫ਼ਾਸ਼ ਹੋਇਆ ਹੈ। ਗੈਂਗ ਵਿਚ ਇਕ ਕਪੜਾ ਵਪਾਰੀ, ਉਸ ਦਾ ਬੇਟਾ ਅਤੇ ਭਤੀਜਾ ਸ਼ਾਮਲ ਹਨ। ਇਨ੍ਹਾਂ ਨਾਲ ਉਨ੍ਹਾਂ ਦੀ ਦੁਕਾਨ ’ਤੇ ਕੰਮ ਕਰਨ ਵਾਲੇ 4 ਮੁਲਾਜ਼ਮਾਂ ਅਤੇ ਮਜ਼ਦੂਰੀ ਕਰਨ ਵਾਲੇ ਲੋਕ ਵੀ ਜੁੜੇ ਹਨ। ਪੁਲਿਸ ਨੇ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੈਂਗ ਦੇ ਮੁਖੀ ਨੇ ਸ਼ਮਸ਼ਾਨ ਘਾਟਾਂ ਅਤੇ ਕਬਰਿਸਤਾਨਾਂ ’ਤੇ ਮੁਰਦਿਆਂ ਦੇ ਕਫ਼ਨ ਅਤੇ ਕਪੜੇ ਚੋਰੀ ਕਰਨ ਲਈ 300 ਰੁਪਏ ਦਿਹਾੜੀ ’ਤੇ ਮਜ਼ਦੂਰ ਰਖਿਆ ਸੀ। ਅਹਿਮ ਗੱਲ ਇਹ ਹੈ ਕਿ ਚੋਰੀ ਕੀਤੇ ਕਫ਼ਨ ਉਨ੍ਹਾਂ ਲੋਕਾਂ ਦੇ ਵੀ ਸਨ ਜਿਨ੍ਹਾਂ ਦੀ ਮੌਤ ਕੋਰੋਨਾ ਨਾਲ ਹੋਈ ਸੀ। ਮੁਲਜ਼ਮ ਕਾਰੋਬਾਰੀ ਲਾਸ਼ਾਂ ਤੋਂ ਉਤਰੇ ਕਫ਼ਨ ਦੀ ਧੁਆਈ ਦੇ ਬਾਅਦ ਉਨ੍ਹਾਂ ਨੂੰ ਪ੍ਰੈਸ ਕਰਵਾ ਦਿੰਦੇ ਸਨ। ਫਿਰ ਗਵਾਲੀਅਰ ਮਾਰਕਾ ਸਟਿਕਰ ਲਾ ਕੇ ਰੀਪੈਕਿੰਗ ਕਰ ਕੇ ਵੇਚਿਆ ਜਾਂਦਾ ਸੀ। ਇਕ ਕਫ਼ਨ ਦੀ ਕੀਮਤ 400 ਰੁਪਏ ਲਈ ਜਾਂਦੀ ਸੀ। ਮਜ਼ਦੂਰਾਂ ਨੂੰ ਦਿਹਾੜੀ ਦੇ ਕੇ ਮੁਰਦਿਆਂ ਦੇ ਕਫ਼ਨ, ਕੁੜਤੇ, ਪਜ਼ਾਮੇ, ਧੋਤੀ ਆਦਿ ਚੋਰੀ ਕਰਾਏ ਜਾਂਦੇ ਸਨ। ਪੁਲਿਸ ਨੇ ਮੁਖਬਰ ਦੀ ਸੂਚਨਾ ’ਤੇ ਇਨ੍ਹਾਂ ਸਾਰਿਆਂ ਨੂੰ ਫੜਿਆ ਅਤੇ 10 ਗਠੜੀ ਕਪੜੇ ਵੀ ਬਰਾਮਦ ਕੀਤੇ।