ਬਕਸਰ : ਯੂਪੀ ਦੇ ਬਾਅਦ ਹੁਣ ਬਿਹਾਰ ਦੇ ਬਕਸਰ ਵਿਚ ਗੰਗਾ ਨਦੀ ਵਿਚ ਦਰਜਨਾਂ ਲਾਸ਼ਾਂ ਵਿਖਾਈ ਦੇਣ ਨਾਲ ਹਾਹਾਕਾਰ ਮੱਚ ਗਈ ਹੈ। ਕੋਰੋਨਾ ਨਾਲ ਮੌਤ ਦੇ ਬਾਅਦ ਇਨ੍ਹਾਂ ਨੂੰ ਗੰਗਾ ਵਿਚ ਰੋੜ੍ਹਨ ਖ਼ਦਸ਼ੇ ਕਾਰਨ ਲੋਕ ਡਰੇ ਹੋਏ ਹਨ। ਯੂਪੀ ਸਰਹੱਦ ’ਤੇ ਪੈਂਦੇ ਹੋਣ ਕਾਰਨ ਅਧਿਕਾਰੀ ਉਧਰ ਤੋਂ ਹੀ ਲਾਸ਼ਾਂ ਦੇ ਰੁੜ੍ਹ ਕੇ ਆਉਣ ਦੀ ਗੱਲ ਕਰ ਰਹੇ ਹਨ। ਇਸ ਤੋਂ ਪਹਿਲਾਂ ਹਮੀਰਪੁਰ ਅਤੇ ਕਾਨਪੁਰ ਵਿਚ ਯਮੁਨਾ ਵਿਚ ਕਈ ਲਾਸ਼ਾਂ ਵਿਖਾਈ ਦਿਤੀਆਂ ਸਨ। ਬਕਸਰ ਜ਼ਿਲ੍ਹੇ ਦੇ ਚੌਸਾ ਲਾਗੇ ਸੋਮਵਾਰ ਨੂੰ ਲੋਕਾਂ ਨੇ ਘਾਟ ਕੰਢੇ ਅੱਧਾ ਦਰਜਨ ਲਾਸ਼ਾਂ ਨੂੰ ਰੁੜ੍ਹਦੇ ਵੇਖਿਆ। ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਨਾਲ ਮੌਤ ਦੀ ਗਿਣਤੀ ਵਧਣ ਕਾਰਨ ਲੋਕ ਅੰਤਮ ਸਸਕਾਰ ਕਰਨ ਦੀ ਬਜਾਏ ਗੰਗਾ ਵਿਚ ਲਾਸ਼ਾਂ ਵਹਾ ਰਹੇ ਹਨ। ਕੁਝ ਲਾਸ਼ਾਂ ਕੰਢੇ ਲੱਗ ਗਈਆਂ ਅਤੇ ਕੁਝ ਵਹਿ ਗਈਆਂ। ਲਾਸ਼ਾਂ ਗਲੀ-ਸੜੀ ਹਾਲਤ ਵਿਚ ਸਨ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ 30 ਤੋਂ 35 ਲਾਸ਼ਾਂ ਦੇ ਕੰਢੇ ਲੱਗ ਜਾਣ ਦੀ ਜਾਣਕਾਰੀ ਮਿਲੀ ਹੈ।