ਸੁਪਰਡੈਂਟ ਥਾਨ ਸਿੰਘ ਬੁੰਗਈ ਸਮੇਤ ਚਾਰ ਖ਼ਿਲਾਫ਼ ਮਾਮਲਾ ਦਰਜ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਗੁਰਦੁਆਰਾ ਬੋਰਡ ਦੇ ਅਖੰਡ ਪਾਠ ਵਿਭਾਗ ਵਿਚ ਸਾਲ 2016 ਤੋਂ 2019 ਦਰਿਮਆਨ ਹੋਏ ਅਖੰਡ ਪਾਠ ਘੁਟਾਲੇ ਦਾ ਪਰਦਾਫਾਸ਼ ਹੋਇਆ ਹੈ। ਜਿਸ ਸਬੰਧੀ ਜਗਦੀਪ ਸਿੰਘ ਨੰਬਰਦਾਰ ਦੀ ਸ਼ਿਕਾਇਤ ਤੇ ਥਾਣਾ ਵਜ਼ੀਰਾਬਾਦ ਚ ਸੁਪਰਡੈਂਟ ਠਾਣ ਸਿੰਘ ਬੁੰਗਈ ਸਮੇਤ 4 ਦੋਸ਼ੀਆ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ਼ ਕੀਤਾ ਗਿਆ ਹੈ। ਵਿਸ਼ਵ ਪ੍ਰਸਿੱਧ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਜਿੱਥੇ ਰੋਜ਼ਾਨਾ ਦੇਸ਼ ਵਿਦੇਸ਼ ਦੀਆਂ ਹਜ਼ਾਰਾਂ ਸ਼ਰਧਾਲੂ ਸੰਗਤਾਂ ਨਤਮਸਤਕ ਹੁੰਦੀਆਂ ਹਨ ਉੱਥੇ ਸ਼ਰਧਾਲੂ ਸੰਗਤਾਂ ਵੱਲੋਂ ਆਪਣੀਆ ਮਨੋਕਾਮਨਾਵਾਂ ਪੂਰੀਆਂ ਹੋਣ ਉਪਰੰਤ ਅਖੰਡ ਪਾਠ ਸਾਹਿਬ ਕਰਵਾਉਂਦੀਆਂ ਹਨ। ਜਿਨ੍ਹਾਂ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਦੇ ਬੋਰਡ ਦੇ ਅਖੰਡ ਪਾਠ ਵਿਭਾਗ ਵਲੋਂ ਕੀਤਾ ਜਾਂਦਾ ਹੈ।
ਸਾਲ 2016 ਤੋਂ 2019 ਦਰਿਮਆਨ ਸ਼ਰਧਾਲੂ ਸੰਗਤਾਂ ਵੱਲੋਂ ਅਖੰਡ ਪਾਠ ਕਰਵਾਉਣ ਲਈ ਰਕਮ ਅਦਾ ਕੀਤੀ ਸੀ। ਪਰੰਤੂ ਇਹਨਾਂ ਸ਼ਰਧਾਲੂ ਸੰਗਤਾਂ ਦੇ ਅਖੰਡ ਪਾਠ ਸਾਹਿਬ ਕਰਵਾਏ ਬਿਨਾਂ ਹੀ ਕਰਮਚਾਰੀਆਂ ਵਲੋਂ ਭੇਟਾ ਰਾਸ਼ੀ ਗਬਨ ਕਰ ਦਿੱਤੀ ਗਈ ਸੀ । ਇਸ ਵਾਪਰੀ ਮੰਦਭਾਗੀ ਘਟਨਾ ਸਬੰਧੀ ਸ਼ਹਿਰ ਦੀਆਂ ਸ਼ਰਧਾਲੂ ਸੰਗਤਾਂ ਵੱਲੋਂ ਗੁਰਦੁਆਰਾ ਬੋਰਡ ਦੇ ਚੇਅਰਮੈਨ ਅਤੇ ਪਬੰਧਕਾ ਨੂੰ ਸ਼ਿਕਾਇਤ ਕੀਤੀ ਗਈ । ਸੰਗਤਾਂ ਦੇ ਰੋਸ਼ ਨੂੰ ਦੇ ਦੇਖਦਿਆਂ ਜਾਂਚ ਕਮੇਟੀ ਨਿਯੁਕਤ ਕੀਤੀ ਗਈ ਸੀ। ਇਸ ਜਾਂਚ ਕਮੇਟੀ ਦੀ ਰਿਪੋਰਟ ਅਨੁਸਾਰ 2016 ਤੋਂ 2019 ਦਰਿਮਆਨ ਅਖੰਡ ਪਾਠ ਸਾਹਿਬ ਵਿਭਾਗ ਵਿਚ ਕਰੀਬ 36 ਲੱਖ 69 ਹਜ਼ਾਰ 350 ਰੁਪਏ ਦੀ ਗਬਨ ਹੋਣ ਦਾ ਪਤਾ ਲੱਗਾ ਹੈ।
ਇਸ ਵਾਪਰੀ ਘਟਨਾ ਸਬੰਧੀ ਥਾਣਾ ਵਜ਼ੀਰਾਬਾਦ ਵਿਖੇ ਜਗਦੀਪ ਸਿੰਘ ਨੰਬਰਦਾਰ ਦੀ ਸ਼ਿਕਾਇਤ ' ਤੇ ਐਫ. ਆਇ.ਆਰ ਨੰ- 330/2024 ਧਾਰਾ - 420, 406, 34 ਦੇ ਅਨੁਸਾਰ ਗੁਰਦੁਆਰਾ ਬੋਰਡ ਦੇ ਅਖੰਡ ਪਾਠ ਵਿਭਾਗ ਦੇ ਕਲਰਕ ਮਹੀਪਾਲ ਸਿੰਘ ਲਿਖਾਰੀ , ਧਰਮ ਸਿੰਘ, ਸੁਪਰਵਾਈਜ਼ਰ ਰਵਿੰਦਰ ਸਿੰਘ ਅਤੇ ਤਤਕਾਲੀ ਇੰਚਾਰਜ ਸੁਪਰਡੈਂਟ ਥਾਣ ਸਿੰਘ ਬੁਗੰਈ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ ਜਿਸ ਦੀ ਪੁਲਿਸ ਵੱਲੋਂ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।ਇਸ ਸਬੰਧੀ ਜਦੋਂ ਕਥਿਤ ਦੋਸ਼ੀ ਸੁਪਰਡੈਂਟ ਥਾਣ ਸਿੰਘ ਬੁਗੰਈ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਵਲੋਂ ਘੱਪਲਾ ਕੀਤਾ ਗਿਆ ਸੀ ਉਨ੍ਹਾਂ ਨੂੰ ਤਖ਼ਤ ਸੱਚਖੰਡ ਬੋਰਡ ਵੱਲੋਂ ਕਾਰਵਾਈ ਕਰਦਿਆਂ ਮੁਅੱਤਲ ਕਰ ਦਿੱਤਾ ਸੀ ਜਦ ਕਿ ਬੋਰਡ ਵਲੋਂ ਕਰਵਾਈ ਗਈ ਜਾਂਚ ਵਿਚ ਮੈਨੂੰ ਦੋਸ਼ ਮੁਕਤ ਕੀਤਾ ਗਿਆ ਸੀ ਇਸੇ ਲਈ ਮੈਨੂੰ ਦੁਆਰਾ ਡਿਉਢੀ ਤੇ ਜੁਆਇੰਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਪੁਲਿਟੀਕਲ ਲੋਕਾਂ ਵਲੋਂ ਮਾਮਲੇ ਨੂੰ ਉਛਾਲਿਆ ਗਿਆ ਹੈ।