ਜ਼ਮੀਨੀ ਰਿਕਾਰਡ ਹਾਸਲ ਕਰਨ ਲਈ ਵਰਦਾਨ ਸਾਬਤ ਹੋ ਰਹੇ ਨੇ ਜ਼ਿਲ੍ਹੇ ਦੇ ਫ਼ਰਦ ਕੇਂਦਰ
ਜ਼ਮੀਨ ਮਾਲਕਾਂ ਵੱਲੋਂ ਫ਼ਰਦ ਕੇਂਦਰਾਂ ਦੀ ਕਾਰਗੁਜ਼ਾਰੀ 'ਤੇ ਤਸੱਲੀ ਦਾ ਪ੍ਰਗਟਾਵਾ
ਫ਼ਤਹਿਗੜ੍ਹ ਸਾਹਿਬ : ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਜ਼ਮੀਨੀ ਰਿਕਾਰਡ ਹਾਸਲ ਕਰਨ ਲਈ ਜ਼ਿਲ੍ਹੇ ਵਿਚਲੇ ਫਰਦ ਕੇਂਦਰ ਲੋਕਾਂ ਵਾਸਤੇ ਵਰਦਾਨ ਸਾਬਤ ਹੋ ਰਹੇ ਹਨ। ਇਨ੍ਹਾਂ ਫਰਦ ਕੇਂਦਰਾਂ ਜ਼ਰੀਏ ਲੋਕਾਂ ਨੂੰ ਕੁਝ ਹੀ ਪਲਾਂ ਵਿੱਚ ਲੋੜੀਂਦਾ ਜ਼ਮੀਨੀ ਰਿਕਾਰਡ ਮਿਲ ਜਾਂਦਾ ਹੈ।
ਜ਼ਿਲ੍ਹੇ ਵਿਚਲੇ ਫਰਦ ਕੇਂਦਰਾਂ ਰਾਹੀਂ ਇਸ ਸਾਲ ਹੁਣ ਤੱਕ ਜ਼ਮੀਨ ਮਾਲਕਾਂ ਨੂੰ 57 ਹਜ਼ਾਰ 544 ਫਰਦਾਂ ਅਤੇ 03 ਲੱਖ 64 ਹਜ਼ਾਰ 129 ਤਸਦੀਕ ਸ਼ੁਦਾ ਪੰਨੇ ਜਾਰੀ ਕੀਤੇ ਗਏ। ਜਿਸ ਸਬੰਧੀ 91 ਲੱਖ 03 ਹਜ਼ਾਰ 225 ਰੁਪਏ ਫੀਸ ਵਸੂਲੀ ਗਈ ਹੈ।
ਸ੍ਰੀਮਤੀ ਸ਼ੇਰਗਿੱਲ ਨੇ ਦੱਸਿਆ ਕਿ ਫਰਦ ਕੇਂਦਰਾਂ ਦੇ ਕੰਮ-ਕਾਜ ਵਿੱਚ ਪੂਰੀ ਪਾਰਦਰਸ਼ਤਾ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਫਰਦ ਕੇਂਦਰਾਂ 'ਚ ਨਿਯੁਕਤ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਆਖਿਆ ਗਿਆ ਹੈ ਤਾਂ ਜੋ ਫਰਦਾਂ ਹਾਸਿਲ ਕਰਨ ਵਾਲੇ ਕਿਸੇ ਵੀ ਜ਼ਮੀਨ ਮਾਲਕ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸੇ ਵੀ ਜ਼ਮੀਨ ਮਾਲਕ ਨੂੰ ਫਰਦ ਹਾਸਲ ਕਰਨ ਲਈ 15 ਮਿੰਟ ਤੋਂ ਵੱਧ ਸਮਾਂ ਨਹੀਂ ਲਗਦਾ ਅਤੇ ਜ਼ਮੀਨ ਮਾਲਕ ਨੂੰ ਕੇਵਲ 25/- ਰੁਪਏ ਪ੍ਰਤੀ ਪੰਨੇ ਦੇ ਹਿਸਾਬ ਨਾਲ ਜ਼ਮੀਨੀ ਰਿਕਾਰਡ ਦੀ ਤਸਦੀਕ ਸ਼ੁਦਾ ਨਕਲ ਦੇ ਦਿੱਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ 'ਚ 06 ਫਰਦ ਕੇਂਦਰ ਮੌਜੂਦ ਹਨ, ਜਿਹੜੇ ਕਿ ਫਤਹਿਗੜ੍ਹ ਸਾਹਿਬ, ਬਸੀ ਪਠਾਣਾ, ਅਮਲੋਹ, ਖਮਾਣੋਂ, ਮੰਡੀ ਗੋਬਿੰਦਗੜ੍ਹ, ਚਨਾਰਥਲ ਕਲਾਂ ਵਿਖੇ ਕੰਮ ਕਰ ਰਹੇ ਹਨ। ਫਤਹਿਗੜ੍ਹ ਸਾਹਿਬ ਵਿਖੇ ਸਥਿਤ ਫਰਦ ਕੇਂਦਰ ਰਾਹੀਂ ਫਤਹਿਗੜ੍ਹ ਸਾਹਿਬ ਦੇ ਜ਼ਮੀਨ ਮਾਲਕਾਂ ਨੂੰ 17146 ਫਰਦਾਂ ਅਤੇ 104175 ਤਸਦੀਕ ਸ਼ੁਦਾ ਪੰਨੇ ਜਾਰੀ ਕੀਤੇ ਗਏ। ਇਸੇ ਤਰ੍ਹਾਂ ਤਹਿਸੀਲ ਕੰਪਲੈਕਸ ਬਸੀ ਪਠਾਣਾ ਵਿਚਲੇ ਫਰਦ ਕੇਂਦਰ ਤੋਂ 9419 ਫਰਦਾਂ ਅਤੇ 48175 ਤਸਦੀਕਸ਼ੁਦਾ ਪੰਨੇ, ਤਹਿਸੀਲ ਕੰਪਲੈਕਸ ਅਮਲੋਹ ਵਿਚਲੇ ਫਰਦ ਕੇਂਦਰ ਤੋਂ 8711 ਫਰਦਾਂ ਅਤੇ 54207 ਤਸਦੀਕਸ਼ੁਦਾ ਪੰਨੇ, ਫਰਦ ਕੇਂਦਰ ਤਹਿਸੀਲ ਕੰਪਲੈਕਸ ਖਮਾਣੋਂ ਤੋਂ 9476 ਫਰਦਾਂ ਅਤੇ 51422 ਤਸਦੀਸ਼ੁਦਾ ਪੰਨੇ, ਫਰਦ ਕੇਂਦਰ ਸਬਤਹਿਸੀਲ ਮੰਡੀ ਗੋਬਿੰਗਦੜ੍ਹ ਤੋਂ 7724 ਫਰਦਾਂ ਅਤੇ 75326 ਤਸਦੀਕਸ਼ੁਦਾ ਪੰਨੇ ਅਤੇ ਫਰਦ ਕੇਂਦਰ ਚਨਾਰਥਲ ਕਲਾਂ ਤੋਂ 5068 ਫਰਦਾਂ ਅਤੇ 30824 ਤਸਦੀਕਸ਼ੁਦਾ ਪੰਨੇ ਜਾਰੀ ਕੀਤੇ ਗਏ ਹਨ।