ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਕੋਰੋਨਾ ਵਾਇਰਸ ਮਹਾਂਮਾਰੀ ਦੀ ਤੀਜੀ ਲਹਿਰ ਨਾਲ ਸਿੱਝਣ ਲਈ ਤਿਆਰ ਹੋ ਰਹੀ ਹੈ ਪਰ ਇਸ ਵਾਸਤੇ ਕੋਵਿਡ ਵੈਕਸੀਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ 30 ਹਜ਼ਾਰ ਕੇਸਾਂ ਨਾਲ ਨਿਪਟਣ ਲਈ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਹਜ਼ਾਰ ਬਿਸਤਰਿਆਂ ਵਾਲੇ ਆਈਸੀਯੂ ਬੈਡ ਤਿਆਰ ਕੀਤੇ ਜਾ ਚੁੱਕੇ ਹਨ ਅਤੇ ਹੋਰ ਵੀ ਤਿਆਰੀਆਂ ਜੰਗੀ ਪੱਧਰ ’ਤੇ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਕੋਲ ਹੁਣ ਸਿਰਫ਼ ਤਿੰਨ-ਚਾਰ ਦਿਨਾਂ ਲਈ ਕੋਵਿਡ ਵੈਕਸੀਨ ਸਟਾਕ ਬਚਿਆ ਹੈ। ਇਸ ਲਈ ਹੋਰ ਦਵਾਈ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਬੀਮਾਰੀ ਦੇ ਮੁਕਾਬਲੇ ਵਿਚ ਦਵਾਈ ਵੀ ਅਹਿਮ ਰੋਲ ਨਿਭਾ ਰਹੀ ਹੈ। ਇਸ ਲਈ ਹੋਰ ਦਵਾਈ ਫ਼ੌਰੀ ਤੌਰ ’ਤੇ ਚਾਹੀਦੀ ਹੈ। ਮੁੱਖ ਮੰਤਰੀ ਨੇ ਜੀਟੀਬੀ ਹਸਪਤਾਲ ਨੇੜਲੇ ਕੋਵਿਡ ਕੇਅਰ ਸੈਂਟਰ ਦਾ ਦੌਰਾ ਕਰਨ ਸਮੇਂ ਇਹ ਗੱਲਾਂ ਕਹੀਆਂ।