ਸੁਨਾਮ : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੀ ਬਰਸੀ ਦੇ ਮੌਕੇ ਤੇ ਸੁਨਾਮ ਸ਼ਹਿਰ ਵਿਖੇ ਪਹਿਲ ਮੰਡੀ ਦਾ ਰਸਮੀ ਉਦਘਾਟਨ ਕਰਨਗੇ। ਸੰਗਰੂਰ ਅਤੇ ਧੂਰੀ ਵਿੱਚ ਸਫਲਤਾ ਤੋਂ ਬਾਅਦ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਦੀ ਅਗਵਾਈ ‘ਚ ਹੁਣ ਸੁਨਾਮ ਵਿਖੇ ਵੀ ਲੋਕਾਂ ਨੂੰ ਸ਼ੁੱਧ ਅਤੇ ਆਰਗੈਨਿਕ ਉਤਪਾਦ ਮੁਹੱਈਆ ਕਰਵਾਉਣ ਦੇ ਮਕਸਦ ਨਾਲ 'ਪਹਿਲ ਮੰਡੀ' ਸ਼ੁਰੂ ਕੀਤੀ ਜਾ ਰਹੀ ਹੈ।
‘ਪਹਿਲ ਮੰਡੀ’ ਜਿਥੇ ਸ਼ਹਿਰ ਵਾਸੀਆਂ ਨੂੰ ਸ਼ੁੱਧ ਖਾਧ ਪਦਾਰਥ ਮੁਹੱਈਆ ਕਰਵਾਏਗੀ, ਉੱਥੇ ਹੀ ਕਿਸਾਨਾਂ ਅਤੇ ਗਰੁੱਪ ਮੈਂਬਰਾਂ ਦੀ ਆਰਥਿਕਤਾ ਵਿੱਚ ਵਾਧਾ ਕਰਨ ਵਿੱਚ ਵੀ ਸਹਾਈ ਹੋਵੇਗੀ। ਅਜਿਹੀਆਂ ਮੰਡੀਆਂ ਨਾਲ ਪੇਂਡੂ ਖੇਤਰਾਂ ਵਿੱਚ ਕੰਮ ਕਰਦੇ ਉੱਦਮੀ ਲੋਕਾਂ ਨੂੰ ਆਰਥਿਕ ਮਜ਼ਬੂਤੀ ਮਿਲਦੀ ਹੈ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੁੰਦੇ ਹਨ। ਪਹਿਲ ਮੰਡੀ ਦੀ ਪ੍ਰਬੰਧਕ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਏ. ਐੱਸ. ਮਾਨ ਨੇ ਦੱਸਿਆ ਕਿ ਪਹਿਲ ਮੰਡੀ ਵਿਚ ਆਰਗੈਨਿਕ ਆਟਾ, ਮਸਾਲੇ, ਦਾਲਾਂ, ਸਬਜ਼ੀਆਂ, ਆਚਾਰ, ਮੁਰੱਬੇ ,ਖੋਏ ਦੀ ਤਾਜ਼ਾ ਬਰਫੀ, ਚਾਟੀ ਦੀ ਲੱਸੀ, ਗੋਲਗੱਪੇ, ਪੀਨੱਟ ਬਟਰ, ਚੂਰਨ, ਆਲੂ-ਟਿੱਕੀ, ਗੁੜ-ਸ਼ੱਕਰ, ਲੱਕੜ ਘਾਣੀ ਰਾਹੀਂ ਕੱਢਿਆ ਵੱਖ-ਵੱਖ ਕਿਸਮ ਦੇ ਤੇਲ, ਮਿਕਸਰ ਆਟਾ, ਲੀਵਰ ਡਿਟੈਕਸ ਜੂਸ, ਘੋਟਾ ਸ਼ਰਦਾਈ, ਸ਼ਹਿਦ, ਰਸੋਈ ਦਾ ਸਾਰਾ ਸਮਾਨ ਅਤੇ ਹੱਥੀਂ ਤਿਆਰ ਕੀਤਾ ਸਰਫ ਤੋਂ ਇਲਾਵਾ ਖਾਣ ਲਈ ਰਵਾਇਤੀ ਚੀਜ਼ਾਂ ਉਪਲਬਧ ਹੋਣਗੀਆਂ।