ਸਰਕਾਰ ਤੇ ਵਾਅਦਾ ਖਿਲਾਫੀ ਦੇ ਲਾਏ ਇਲਜ਼ਾਮ
ਸੁਨਾਮ : ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਨੇ ਜਥੇਬੰਦੀ ਦੀ ਬਲਾਕ ਪ੍ਰਧਾਨ ਤ੍ਰਿਸ਼ਨਜੀਤ ਕੌਰ ਦੀ ਅਗਵਾਈ ਹੇਠ ਸੁਨਾਮ ਵਿਖੇ ਸੀਡੀਪੀਓ ਦਫ਼ਤਰ ਸਾਹਮਣੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜ਼ਟ ਦੀਆਂ ਕਾਪੀਆਂ ਸਾੜਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੋਲਦਿਆਂ ਜਥੇਬੰਦੀ ਦੀ ਬਲਾਕ ਪ੍ਰਧਾਨ ਤ੍ਰਿਸ਼ਨਜੀਤ ਕੌਰ ਅਤੇ ਸੈਕਟਰੀ ਗੁਰਵਿੰਦਰ ਕੌਰ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੇਸ਼ ਕੀਤੇ ਬਜ਼ਟ ਵਿੱਚ ਆਮ ਆਦਮੀ ਦੇ ਪੱਖ ਵਿੱਚ ਕੁੱਝ ਨਹੀਂ ਹੈ ਜਦਕਿ ਇਹ ਸਰਕਾਰ ਆਮ ਆਦਮੀ ਦਾ ਏਜੰਡਾ ਪੇਸ਼ ਕਰਕੇ ਬਣੀ ਸੀ। ਉਨ੍ਹਾਂ ਆਖਿਆ ਕਿ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਵੱਲੋਂ ਪੇਸ਼ ਕੀਤੇ ਬਜ਼ਟ ਨੂੰ ਆਮ ਆਦਮੀ ਦਾ ਨਹੀਂ ਕਿਹਾ ਜਾ ਸਕਦਾ ਜਿਵੇਂ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣਭੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਸੀ ਲੇਕਿਨ ਸਰਕਾਰ ਦੇ ਕਾਰਜਕਾਲ ਦੇ ਤਿੰਨ ਸਾਲ ਪੂਰੇ ਹੋ ਚੁੱਕੇ ਹਨ, ਵਾਅਦੇ ਵਫ਼ਾ ਨਹੀਂ ਹੋਏ। ਉਨ੍ਹਾਂ ਕਿਹਾ ਕਿ ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਸਦਨ ਵਿੱਚ ਆਂਗਨਵਾੜੀ ਵਰਕਰਾਂ ਦੇ ਕੰਮ ਦੇ ਘੰਟੇ ਘਟਾਕੇ ਪੇਸ਼ ਕੀਤੇ ਗਏ ਹਨ ਜਿਹੜਾ ਨਿੰਦਣਯੋਗ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਸੂਬੇ ਦੀ ਸਰਕਾਰ ਖ਼ਿਲਾਫ਼ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਜਸਵਿੰਦਰ ਕੌਰ, ਰਮਿੰਦਰ ਕੌਰ, ਗੁਰਰਾਜ ਕੌਰ, ਜਸਦੀਪ ਕੌਰ, ਨਿਸ਼ਾ ਰਾਣੀ ਸਮੇਤ ਹੋਰ ਮੈਂਬਰ ਹਾਜ਼ਰ ਸਨ।