ਸੁਨਾਮ : ਜਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦਾ ਫਰੰਗੀਆਂ ਤੋਂ ਬਦਲਾ ਲੈਣ ਵਾਲੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ 31 ਜੁਲਾਈ ਨੂੰ ਸਿਰਫ਼ ਸੰਗਰੂਰ ਜ਼ਿਲ੍ਹੇ ਅੰਦਰ ਛੁੱਟੀ ਕਰਨ ਦੇ ਕੀਤੇ ਐਲਾਨ ਤੇ ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਮੇਨ ਨੇ ਸਖ਼ਤ ਰੋਸ ਜ਼ਾਹਿਰ ਕੀਤਾ ਹੈ। ਕਮੇਟੀ ਆਗੂਆਂ ਦਾ ਕਹਿਣਾ ਹੈ ਕਿ ਸੂਬੇ ਦੀ ਸਰਕਾਰ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਅਣਗੌਲਿਆਂ ਕਰ ਰਹੀ ਹੈ । ਮੰਗਲਵਾਰ ਦੁਪਹਿਰ ਸਮੇਂ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਜਾਰੀ ਲਿਖਤੀ ਹੁਕਮਾਂ ਵਿੱਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਸੰਗਰੂਰ ਅੰਦਰ ਛੁੱਟੀ ਕਰਨ ਦੀ ਜਾਣਕਾਰੀ ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਮੇਨ ਦੇ ਅਹੁਦੇਦਾਰਾਂ ਨੂੰ ਮਿਲ਼ੀ ਤਾਂ ਪ੍ਰਧਾਨ ਮਨਦੀਪ ਸਿੰਘ ਜੋਸ਼ਨ, ਮਾਸਟਰ ਕੇਹਰ ਸਿੰਘ ਜੋਸ਼ਨ, ਹਰਨੇਕ ਸਿੰਘ, ਬਲਵਿੰਦਰ ਸਿੰਘ, ਜਤਿੰਦਰਪਾਲ ਸਿੰਘ, ਗੁਰਬਚਨ ਸਿੰਘ, ਰਣਧੀਰ ਸਿੰਘ ਰਾਣਾ, ਪ੍ਰਿਤਪਾਲ ਸਿੰਘ, ਗੁਰਦੀਪ ਸਿੰਘ, ਹਰਚਰਨ ਸਿੰਘ ਅਤੇ ਹਰਭਜਨ ਸਿੰਘ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਖ਼ਿਲਾਫ਼ ਤਿੱਖਾ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਮਗਰਲੀਆਂ ਸਰਕਾਰਾਂ ਸਮੇਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਦੀ ਛੁੱਟੀ ਸਾਰੇ ਪੰਜਾਬ ਵਿੱਚ ਹੁੰਦੀ ਸੀ ਪਰ ਸ਼ਹੀਦਾਂ ਦੀ ਸਹੁੰ ਖਾ ਕੇ ਬਣੀ ਇਸ ਸਰਕਾਰ ਨੇ ਸ਼ਹੀਦ ਦੀ ਕੁਰਬਾਨੀ ਨੂੰ ਬੌਣਾ ਕਰਨ ਲਈ ਇਸ ਦਿਨ ਹੋਣ ਵਾਲੀ ਛੁੱਟੀ ਨੂੰ ਸਿਰਫ ਜ਼ਿਲ੍ਹੇ ਤੱਕ ਹੀ ਸੀਮਤ ਕਰਕੇ ਸ਼ਹੀਦ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਮੇਨ ਵੱਲੋਂ ਬੀਤੇ ਦਿਨੀਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਦੀ ਛੁੱਟੀ ਪੂਰੇ ਦੇਸ਼ ਵਿੱਚ ਕਰਨ ਲਈ ਮੰਗ ਪੱਤਰ ਸੌਂਪਿਆ ਹੈ ਪਰ ਸੂਬਾ ਸਰਕਾਰ ਨੇ ਇਸ ਛੁੱਟੀ ਨੂੰ ਜ਼ਿਲ੍ਹਾ ਪੱਧਰੀ ਕਰਕੇ ਸ਼ਹੀਦ ਪ੍ਰਤੀ ਆਪਣੀ ਮਾਨਸਿਕਤਾ ਸਪਸ਼ਟ ਦਿੱਤੀ ਹੈ ਅਤੇ ਉਹ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕਰਦੇ ਹਨ। ਉਨ੍ਹਾਂ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਦੀ ਛੁੱਟੀ ਨੂੰ ਪੂਰੇ ਪੰਜਾਬ ਵਿੱਚ ਕੀਤਾ ਜਾਵੇ ਕਿਉਂਕਿ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਦੇਸ਼ ਵਿੱਚ ਬਹੁਤ ਥਾਵਾਂ ਤੇ ਮਨਾਇਆ ਜਾਂਦਾ ਹੈ ਉਹ ਸਾਰੇ ਵੀ ਸ਼ਹੀਦੀ ਦਿਹਾੜੇ ਨੂੰ ਸਹੀ ਢੰਗ ਨਾਲ ਮਨਾ ਸਕਣ। ਉਨ੍ਹਾਂ ਲੋਕ ਸੰਪਰਕ ਵਿਭਾਗ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਦੀ ਬਜਾਏ ਬਰਸੀ ਮਨਾਉਣ ਸਬੰਧੀ ਪ੍ਰੈਸ ਨੋਟ ਜਾਰੀ ਕੀਤਾ ਹੈ। ਇਹ ਵੀ ਪ੍ਰਸ਼ਾਸਨ ਵੱਲੋਂ ਸ਼ਹੀਦ ਦੇ ਨਿਰਾਦਰ ਨਾਲ ਜੁੜਿਆ ਮਾਮਲਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।