ਚੰਡੀਗੜ੍ਹ : ਬਹਿਬਲ ਕਲਾਂ ਕਾਂਡ ਅਤੇ ਕੋਟਕਪੂਰਾ ਕਾਂਡ ਸਬੰਧੀ ਸਿੱਟ ਦੀ ਜਾਂਚ ਰਿਪੋਰਟ ਜਦੋਂ ਦੀ ਹਾਈ ਕੋਰਟ ਵਲੋਂ ਰੱਦ ਕੀਤੀ ਗਈ ਹੈ ਉਦੋਂ ਤੋਂ ਹੀ ਪੰਜਾਬ ਸਿਆਸਤ ਵਿਚ ਹਲਚਲ ਹੋ ਰਹੀ ਹੈ। ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦਾ ਕਹਿਣਾ ਹੈ ਕਿ ਜੇਕਰ ਕੈਪਟਨ ਨੇ ਕੋਈ ਸਖ਼ਤ ਕਦਮ ਨਾ ਚੁੱਕਿਆ ਤਾਂ ਆਉਣ ਵਾਲੀਆਂ 2022 ਦੀਆਂ ਚੋਣਾਂ ਵਿਚ ਲੋਕਾਂ ਨੂੰ ਕੀ ਜਵਾਬ ਦਿਆਂਗੇ। ਇਸੇ ਕਰ ਕੇ ਪੰਜਾਬ ਕਾਂਗਰਸ ਅੰਦਰ 'ਸਭ ਅੱਛਾ' ਨਹੀਂ ਚੱਲ ਰਿਹਾ। ਕਾਂਗਰਸ ਦੇ ਕੈਪਟਨ ਖਿਲਾਫ਼ ਆਪਣਿਆਂ ਨੇ ਹੀ ਮੋਰਚਾ ਖੋਲ੍ਹ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਉਨ੍ਹਾਂ ਦੇ ਵਜ਼ੀਰ ਤੇ ਪਾਰਟੀ ਦੇ ਸਾਂਸਦ ਇੱਕਜੁਟ ਹੋ ਰਹੇ ਹਨ। ਚੰਡੀਗੜ੍ਹ ਸਥਿਤ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਸਰਕਾਰੀ ਘਰ ਹੋਈ ਮੀਟਿੰਗ 'ਚ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਸਾਂਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸਾਂਸਦ ਮੈਂਬਰ ਰਵਨੀਤ ਸਿੰਘ ਬਿੱਟੂ ਸ਼ਾਮਲ ਹੋਏ।
ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਦੀ ਇਸ ਮੀਟਿੰਗ 'ਚ ਕੈਪਟਨ ਖਿਲਾਫ਼ ਧੜੇਬੰਦੀ ਨੂੰ ਮਜ਼ਬੂਤ ਕਰਨ ਉਤੇ ਚਰਚਾ ਹੋਈ ਹੈ। ਸੂਤਰਾਂ ਮੁਤਾਬਕ ਪਾਰਟੀ ਦੀ 2022 ਚੋਣਾਂ 'ਚ ਅਗਵਾਈ ਤੇ ਮੁੱਖ ਮੰਤਰੀ ਦੇ ਹੋਰ ਚਿਹਰੇ ਨੂੰ ਲੈ ਕੇ ਵੀ ਚਰਚਾਵਾਂ ਹੋਈਆਂ ਹਨ। ਦਰਅਸਲ ਇੱਕ ਤੋਂ ਬਾਅਦ ਇੱਕ ਮੰਤਰੀ ਤੇ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੇ ਰਵੱਈਏ ਤੋਂ ਨਰਾਜ਼ ਚੱਲ ਰਹੇ ਹਨ। ਅਜਿਹੇ 'ਚ ਸੀਨੀਅਰ ਲੀਡਰ ਇਸ ਅਗਵਾਈ 'ਤੇ ਸਵਾਲ ਚੁੱਕਦਿਆਂ ਨਵਾਂ ਚਿਹਰਾ ਮੂਹਰੇ ਲਗਾਉਣ ਦੀ ਤਿਆਰੀ ਕਰਨ ਲੱਗੇ ਹਨ।
ਹਾਲਾਂਕਿ ਇਸ ਮੀਟਿੰਗ ਤੋਂ ਬਾਅਦ ਕੈਪਟਨ ਦੇ ਇੱਕ ਦੂਤ ਰੰਧਾਵਾ ਦੇ ਘਰ ਪਹੁੰਚ ਕੇ ਮੀਟਿੰਗ ਕਰਦੇ ਨਜ਼ਰ ਆਏ ਹਨ। ਕੈਪਟਨ ਦੇ ਖਾਸਮ-ਖਾਸ ਮੰਨੇ ਜਾਂਦੇ ਉਨ੍ਹਾਂ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਹਿਲ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਸੁਖਜਿੰਦਰ ਰੰਧਾਵਾ ਦੇ ਘਰ ਕਾਫ਼ੀ ਦੇਰ ਤੱਕ ਮੌਜੂਦ ਰਹੇ, ਸੂਤਰਾਂ ਮੁਤਾਬਕ ਇਹ ਮੁਲਾਕਾਤ ਰੰਧਾਵਾ ਨੂੰ ਮਨਾਉਣ ਦੀ ਹੀ ਇੱਕ ਕੋਸ਼ਿਸ਼ ਹੈ।
ਸ਼ਾਮ ਹੁੰਦੇ ਹੁੰਦੇ ਰੰਧਾਵਾ ਦੇ ਘਰ ਕੁੱਝ ਹੋਰ ਗੱਡੀਆਂ ਆ ਪਹੁੰਚੀਆਂ, ਜਿੰਨਾ 'ਚ ਰਾਜ ਕੁਮਾਰ ਵੇਰਕਾ ਤੇ ਵਿਧਾਇਕ ਕਾਕਾ ਰਣਦੀਪ ਸਿੰਘ ਨਜ਼ਰ ਆਏ, ਮੰਨਿਆ ਜਾ ਰਿਹਾ ਹੈ ਕਿ ਇਹ ਸਭ ਇਸ ਭੂਚਾਲ ਨੂੰ ਸ਼ਾਂਤ ਕਰਨ ਦੀਆਂ ਹੀ ਕੋਸ਼ਿਸ਼ਾਂ ਹਨ। ਫਿਲਹਾਲ ਮੀਟਿੰਗਾਂ ਦਾ ਦੌਰ ਜਾਰੀ ਹੈ। ਹੁਣ ਆਉਣ ਵਾਲਾ ਸਮਾਂ ਦਸੇਗਾ ਕਿ ਕੀ ਨਤੀਜਾ ਨਿਕਲਦਾ ਹੈ।