ਬੀਜਿੰਗ: ਚੀਨ ਨੇ ਮੰਗਲਵਾਰ ਨੂੰ ਜਨਗਣਨਾ ਦੇ ਸਰਕਾਰੀ ਅੰਕੜੇ ਜਾਰੀ ਕੀਤੇ ਹਨ ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਬੀਤੇ ਦਹਾਕਿਆਂ ਵਿਚ ਚੀਨ ਦੀ ਆਬਾਦੀ ਸਭ ਤੋਂ ਘੱਟ ਗਤੀ ਨਾਲ ਵਧੀ ਹੈ। ਪਿਛਲੇ ਦਸ ਸਾਲਾਂ ਵਿਚ ਔਸਤ ਸਾਲਾਨਾ ਵਾਧਾ ਦਰ 0.53 ਫੀਸਦੀ ਸੀ ਜੋ ਸਾਲ 2000 ਤੋਂ 2010 ਵਿਚਾਲੇ 0.57 ਫੀਸਦੀ ਦੀ ਦਰ ਨਾਲ ਹੇਠਾਂ ਰਹੀ। ਚੀਨੀ ਮਾਹਰਾਂ ਮੁਤਾਬਕ ਆਬਾਦੀ ਵਧਣ ਦੀ ਦਰ ਚਿੰਤਾਜਨਕ ਹੈ। ਇਨ੍ਹਾਂ ਨਤੀਜਿਆਂ ਨਾਲ ਚੀਨ ਦੀ ਸਰਕਾਰ ਇਸ ਗੱਲ ਲਈ ਦਬਾਅ ਵਿਚ ਆ ਗਈ ਹੈ ਕਿ ਉਹ ਜੋੜਿਆਂ ਨੂੰ ਬੱਚੇ ਪੈਦਾ ਕਰਨ ਲਈ ਆਖੇ ਤਾਕਿ ਆਬਾਦੀ ਵਿਚ ਕਮੀ ਨੂੰ ਰੋਕਿਆ ਜਾ ਸਕੇ। ਸਾਲ 2020 ਦੇ ਅੰਤ ਵਿਚ ਚੀਨ ਵਿਚ ਜਨਗਣਤਾ ਹੋਈ ਸੀ। ਲਗਭਗ 70 ਲੱਖ ਕਰਮਚਾਰੀਆਂ ਨੇ ਇਹ ਕੰਮ ਕੀਤਾ ਅਤੇ ਉਨ੍ਹਾਂ ਘਰ ਘਰ ਜਾ ਕੇ ਗਿਣਤੀ ਕੀਤੀ। ਚੀਨ ਵਿਚ ਆਬਾਦੀ ਘਟਾਉਣ ਦੀ ਨੀਤੀ ਸਾਲ 1979 ਵਿਚ ਲਾਗੂ ਕੀਤੀ ਗਈ ਸੀ। ਜਿਹੜੇ ਪਰਵਾਰਾਂ ਨੇ ਇਸ ਨੀਤੀ ਦੀ ਉਲੰਘਣਾ ਕੀਤੀ, ਉਨ੍ਹਾਂ ਨੂੰ ਜੁਰਮਾਨਾ ਲਾਇਆ ਗਿਆ, ਰੁਜ਼ਗਾਰ ਦਾ ਨੁਕਸਾਨ ਹੋਇਆ ਅਤੇ ਕਦੇ ਕਦੇ ਗਰਭਪਾਤ ਲਈ ਵੀ ਮਜਬੂਰ ਹੋਣਾ ਪਿਆ। ਪਰ ਹੁਣ ਹਾਲਾਤ ਉਲਟ ਹੁੰਦੇ ਜਾ ਰਹੇ ਹਨ।