ਲਖਨਊ : ਉਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਵਿੱਚ ਐਤਵਾਰ ਨੂੰ ਸਵੇਰੇ ਪੰਜਾਬ ਮੇਲ ਐਕਸਪ੍ਰੈਸ ਵਿੱਚ ਅੱਗ ਜਾਣ ਦੀ ਅਫ਼ਵਾਹ ਕਾਰਨ ਭਗਦੜ ਮਚ ਗਈ। ਜਿਸ ਕਾਰਨ ਯਾਤਰੀਆਂ ਨੇ ਰੇਲਗੱਡੀ ਤੋਂ ਛਾਲਾਂ ਮਾਰ ਦਿੱਤੀਆਂ ਅਤੇ ਕਈ ਯਾਤਰੀ ਇਸ ਕਾਰਨ ਜ਼ਖ਼ਮੀ ਹੋ ਗਏ ਅਤੇ ਕੁੱਝ ਗੰਭੀਰ ਜ਼ਖਮੀ ਹੋ ਗਏ। ਹਾਵੜਾ ਤੋਂ ਅੰਮ੍ਰਿਤਸਰ ਜਾ ਰਹੀ ਪੰਜਾਬ ਮੇਲ ਐਕਸਪ੍ਰੈਸ ਦੇ ਜਨਰਲ ਕੋਚ ਵਿੱਚ ਅੱਗ ਲੱਗਣ ਦੀ ਅਫ਼ਵਾਹ ਕਾਰਨ ਭਗਦੜ ਮਚ ਗਈ। ਕੁੱਝ ਯਾਤਰੀਆਂ ਨੇ ਜਾਨ ਬਚਾਉਣ ਲਈ ਰੇਲ ਗੱਡੀ ਤੋਂ ਹੇਠਾਂ ਛਾਲ ਮਾਰ ਦਿੱਤੀ ਜਿਸ ਕਾਰਨ ਯਾਤਰੀ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ 6 ਯਾਤਰੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸ਼ਾਹਜਹਾਨਪੁਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਇਲਾਜ ਲਈ ਲਿਜਾਇਆ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰੇਲ ਗੱਡੀ ਦੇ ਡਰਾਈਵਰ ਨੇ ਅੱਗ ਲੱਗਣ ਦੀ ਸੂਚਨਾ ਮਿਲਦੇ ਸਾਰ ਹੀ ਗੱਡੀ ਰੋਕ ਲਈ। ਰੇਲਵੇ ਅਧਿਕਾਰੀ ਅਤੇ ਆਰ.ਪੀ.ਐਫ਼. ਦੇ ਜਵਾਨ ਵੀ ਮੌਕੇ ’ਤੇ ਪਹੁੰਚ ਗਏ। ਪੰਜ ਐਂਬੂਲੈਂਸਾਂ ਨੂੰ ਬੁਲਾਇਆ ਗਿਆ। ਪਰ ਜਦੋਂ ਜਾਂਚ ਕੀਤੀ ਗਈ ਤਾਂ ਸੱਭ ਕੁੱਝ ਠੀਕ ਪਾਇਆ ਗਿਆ। ਮੁਰਾਦਾਬਾਦ ਰੇਲਵੇ ਡਵੀਜ਼ਨ ਦੇ ਅਧਿਕਾਰੀਆਂ ਨੇ ਦਸਿਆ ਹੈ ਕਿ ਬਿਲਪੁਰ ਨੇੜੇ ਕੁੱਝ ਸ਼ਰਾਰਤੀ ਅਨਸਰਾਂ ਨੇ ਰੇਲ ਗੱਡੀ ਵਿੱਚ ਰੱਖੇ ਅੱਗ ਬੁਝਾਊ ਯੰਤਰ ਨੂੰ ਚਾਲੂ ਕਰ ਦਿੱਤਾ ਜਿਸ ਕਾਰਨ ਰੇਲ ਗੱਡੀ ਨੂੰ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਅੱਗ ਲੱਗ ਜਾਣ ਦੀ ਅਫ਼ਵਾਹ ਫ਼ੈਲ ਗਈ ਅਤੇ ਯਾਤਰੀਆਂ ਨੇ ਆਪਣੇ ਬਚਾਅ ਲਈ ਰੇਲ ਗੱਡੀ ਵਿਚੋਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਕੁੱਝ ਯਾਤਰੀ ਜ਼ਖ਼ਮੀ ਹੋ ਗਏ ਅਤੇ ਕੁੱਝ ਗੰਭੀਰ ਜ਼ਖ਼ਮੀ ਹੋ ਗਏ।