ਸਰਕਾਰੀ ਮੈਡੀਕਲ ਕਾਲਜਾਂ ਲਈ ਫੈਕਲਟੀ ਦੀ ਭਰਤੀ ਜਲਦ ਹੋਵੇਗੀ ਮੁਕੰਮਲ
ਪਟਿਆਲਾ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪੰਜਾਬ ਸਰਕਾਰ ਵੱਲੋਂ 67 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਈ ਗਈ ਮਾਡਰਨ ਮੋਬਾਇਲ ਡੈਂਟਲ ਕਲੀਨਿਕ ਵੈਨ ਨੂੰ ਪਟਿਆਲਾ ਦੇ ਸਰਕਾਰੀ ਡੈਂਟਲ ਕਾਲਜ ਤੋਂ ਰਵਾਨਾ ਕੀਤਾ। ਸਿਹਤ ਮੰਤਰੀ ਨੇ ਦੱਸਿਆ ਕਿ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਮੁਢਲੀ ਤਰਜੀਹ ਹੈ, ਜਿਸ ਕਰਕੇ ਸੂਬੇ ਵਿੱਚ ਸਰਕਾਰੀ ਮੈਡੀਕਲ ਕਾਲਜਾਂ ਦੇ ਹਸਪਤਾਲਾਂ, ਜ਼ਿਲ੍ਹਾ ਤੇ ਸਬ ਡਵੀਜਨ ਹਸਪਤਾਲਾਂ ਸਮੇਤ ਡਿਸਪੈਂਸਰੀਆਂ, 842 ਆਮ ਆਦਮੀ ਕਲੀਨਿਕ ਤੇ 3000 ਦੇ ਕਰੀਬ ਹੈਲਥ ਵੈਲਨੈਸ ਸੈਂਟਰ ਕੰਮ ਕਰ ਰਹੇ ਹਨ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਅਤਿਆਧੁਨਿਕ ਵੈਨ ਵਿੱਚ ਮਰੀਜ ਦੇ ਦੰਦਾਂ ਦੀ ਪੂਰੀ ਜਾਂਚ ਲਈ ਦੋ ਫਿਕਸਡ ਡੈਂਟਲ ਚੇਅਰਜ ਤੇ ਇਕ ਮੋਬਾਇਲ ਡੈਂਟਲ ਚੇਅਰ, ਏ.ਸੀ., ਆਟੋ ਕਲੇਵ, ਜੈਨਰੇਟਰ, ਪਾਵਰ ਬੈਕਅਪ ਆਦਿ ਮੌਜੂਦ ਹੈ, ਜੋ ਕਿ ਦੰਦਾਂ ਦੇ ਐਮਰਜੈਂਸੀ ਟ੍ਰੀਟਮੈਂਟ ਲਈ ਸਹਾਈ ਹੋਵੇਗਾ। ਇਸ ਵੈਨ ਜਰੀਏ ਦੰਦਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਵੀ ਫੈਲਾਈ ਜਾਵੇਗੀ, ਕਮਿਉਨਿਟੀ ਡੈਂਟਿਸਟਾਂ ਵੱਲੋਂ ਦੰਦਾਂ ਦੇ ਕੈਂਪ ਲਾਏ ਜਾਣ ਸਮੇਤ ਇਹ ਵੈਨ ਡੈਂਟਲ ਕਾਲਜ ਦੇ ਵਿਦਿਆਰਥੀਆਂ ਦੀ ਟ੍ਰੇਨਿੰਗ ਤੇ ਅਗਲੇਰੀ ਸਟੱਡੀ ਲਈ ਸਮੇਤ ਇਨ੍ਹਾਂ ਵਿਦਿਆਰਥੀਆਂ ਤੇ ਸਮਾਜ ਲਈ ਲਾਹੇਵੰਦ ਸਾਬਤ ਹੋਵੇਗੀ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਵੈਨ ਦੰਦਾਂ ਦੇ ਵਿਦਿਆਰਥੀਆਂ ਦੀ ਸਟੱਡੀ ਕਰਨ ਦੇ ਵੀ ਕੰਮ ਆਵੇਗੀ, ਕਿਉਂਕਿ ਇਸ ਨਾਲ ਪਿੰਡਾਂ-ਸ਼ਹਿਰਾਂ, ਬਸਤੀਆਂ, ਸਕੂਲੀ ਵਿਦਿਆਰਥੀਆਂ ਦੇ ਦੰਦਾਂ ਅਤੇ ਆਮ ਲੋਕਾਂ ਦੇ ਦੰਦਾਂ ਦੀਆਂ ਸਾਹਮਣੇ ਆ ਰਹੀਆਂ ਬਿਮਾਰੀਆਂ ਦੀ ਵੀ ਜਾਂਚ ਕੀਤੀ ਜਾਵੇਗੀ। ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਡੈਂਟਲ ਮੈਡੀਕਲ ਕਾਲਜਾਂ ਵਿੱਚ 50 ਦੇ ਕਰੀਬ ਫੈਕਲਟੀ ਦੀ ਭਰਤੀ ਦਾ ਕੰਮ ਵੀ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿੱਚ ਵੀ ਦੰਦਾਂ ਦੇ ਡਾਕਟਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ, ਕਿਉਂਕਿ ਲੋਕਾਂ ਵਿੱਚ ਦੰਦਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਦੀ ਬਹੁਤ ਘਾਟ ਹੈ ਤੇ ਦੰਦਾਂ ਤੇ ਮੂੰਹ ਦੇ ਕੈਂਸਰ ਦੀ ਵੱਧ ਰਹੀ ਬਿਮਾਰੀ ਦੀ ਰੋਕਥਾਮ ਲਈ ਦੰਦਾਂ ਦੇ ਡਾਕਟਰ ਅਹਿਮ ਭੂਮਿਕਾ ਨਿਭਾਉਣਗੇ।
ਇਸ ਮੌਕੇ ਡਾਇਰੈਕਟਰ ਮੈਡੀਕਲ ਐਜੂਕੇਸ਼ਨ ਤੇ ਰਿਸਰਚ ਡਾ. ਅਵਨੀਸ਼ ਕੁਮਾਰ, ਸੰਯੁਕਤ ਡਾਇਰਕੈਟਰ ਡਾ. ਪੁਨੀਤ ਗਿਰਧਰ ਤੇ ਡਾ. ਆਕਾਸ਼, ਕਰਨਲ ਜੇ.ਵੀ ਸਿੰਘ, ਡੈਂਟਲ ਕਾਲਜ ਦੇ ਪ੍ਰਿੰਸੀਪਲ ਡਾ. ਜੇ.ਐਸ. ਮਾਨ, ਡਾ. ਹਰਮੇਸ਼ ਸ਼ਰਮਾ, ਡਾ. ਗਗਨਪ੍ਰੀਤ ਕੌਰ ਅਤੇ ਮੈਡੀਕਲ ਵਿਦਿਆਰਥੀ ਵੀ ਮੌਜੂਦ ਸਨ।