ਫ਼ਤਹਿਗੜ੍ਹ ਸਾਹਿਬ : ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਪੇਂਡੂ ਨੌਜਵਾਨਾਂ ਨੂੰ ਫਲਾਂ ਅਤੇ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਬਾਗਬਾਨੀ ਫਸਲਾਂ ਲਈ ਪਨੀਰੀ ਤਿਆਰ ਕਰਨ ਸਬੰਧੀ ਵਿਸ਼ੇ ਤੇ ਪੰਜ ਦਿਨਾਂ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਡਾਇਰੈਕਟਰ (ਸਿਖਲਾਈ) ਡਾ: ਵਿਪਨ ਕੁਮਾਰ ਰਾਮਪਾਲ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਦਾ ਮੁੱਖ ਮੰਤਵ ਨਰਸਰੀ ਪ੍ਰਬੰਧਨ ਬਾਰੇ ਜਾਣਕਾਰੀ ਮੁਹੱਈਆ ਕਰਵਾਉਣਾ ਹੈ ਤਾਂ ਜੋ ਨੌਜਵਾਨ ਪਨੀਰੀ ਤਿਆਰ ਕਰਨ ਨੂੰ ਵਪਾਰਕ ਪੱਧਰ ਤੇ ਅਪਣਾ ਦੇ ਆਪਣਾ ਆਰਥਿਕ ਪੱਧਰ ਮਜਬੂਤ ਕਰ ਸਕਣ।
ਇਸ ਸਿਖਲਾਈ ਕੋਰਸ ਦੌਰਾਨ ਡਾ: ਵਿਪਨ ਕੁਮਾਰ ਰਾਮਪਾਲ ਨੇ ਭਾਗ ਲੈਣ ਵਾਲੇ ਸਿਖਿਆਰਥੀਆਂ ਦਾ ਸਵਾਗਤ ਕੀਤਾ ਅਤੇ ਫਲਾਂ ਦੀ ਪਨੀਰੀ ਨੂੰ ਸਾਲ ਭਰ ਉਗਾਉਣ ਅਤੇ ਰੋਜ਼ਗਾਰ ਪੈਦਾ ਕਰਨ ਵਿੱਚ ਇਸ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਜਦੋਂ ਕਿ ਸਹਾਇਕ ਪ੍ਰੋਫੈਸਰ (ਬਾਗਬਾਨੀ) ਡਾ: ਅਰਵਿੰਦਪ੍ਰੀਤ ਕੌਰ ਨੇ ਸਿਖਿਆਰਥੀਆਂ ਨੂੰ ਫਲਦਾਰ ਬੂਟੇ ਤਿਆਰ ਕਰਨ ਸਬੰਧੀ ਵੱਖ-ਵੱਖ ਤਕਨੀਕਾਂ ਜਿਵੇਂ ਕਿ ਕਲਮਾ ਬਣਾਉਣਾ, ਪਿਉਂਦ ਕਰਨੀ, ਗੁੱਟੀ ਬਣਾਉਣਾ ਆਦਿ ਸਬੰਧੀ ਜਾਣਕਾਰੀ ਦਿੱਤੀ।
ਉਨ੍ਹਾਂ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਲਈ ਨਰਸਰੀ ਬੈੱਡ ਦੀ ਤਿਆਰੀ, ਬੈੱਡਾਂ ਤੋਂ ਇਲਾਵਾ ਟਰੇਆਂ ਵਿੱਚ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਲਈ ਮਿੱਟੀ ਦਾ ਮਿਸ਼ਰਣ ਤਿਆਰ ਕਰਨ, ਬੀਜ ਦੀ ਬਿਜਾਈ, ਪੌਦ ਦੀ ਪੁਟਾਈ ਅਤੇ ਤਿਆਰ ਪੌਦ ਨੂੰ ਖੇਤ ਵਿੱਚ ਲਗਾਉਣ ਅਤੇ ਪ੍ਰਬੰਧਨ ਬਾਰੇ ਸਿਖਲਾਈ ਦਿੱਤੀ।