ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਬਰਸੀ ਸਮਾਗਮ ਵਿਚ ਸ਼ਮੂਲੀਅਤ ਦੀ ਵਿਉਂਤਬੰਦੀ ਬਾਰੇ ਹੋਈ ਮੀਟਿੰਗ
ਮਾਲੇਰਕੋਟਲਾ: ਅੱਜ ਇਥੇ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਵਿਖੇ ਜ਼ਿਲ੍ਹਾ ਮਾਲੇਰਕੋਟਲਾ ਦੇ ਅਕਾਲੀ ਜਥੇ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਘੱਟਗਿਣਤੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੀਆਂ ਹਨ। ਵਕਫ਼ ਬੋਰਡ ਐਕਟ-1995 ਵਿਚ ਕੀਤੀਆਂ ਜਾ ਰਹੀਆਂ 40 ਸੋਧਾਂ ਵੀ ਇਸੇ ਕੜੀ ਦਾ ਹਿੱਸਾ ਹਨ ਪਰ ਜਦ ਤਕ ਸ਼੍ਰੋਮਣੀ ਅਕਾਲੀ ਦਲ ਮੌਜੂਦ ਹੈ, ਕੇਂਦਰ ਜਾਂ ਰਾਜ ਸਰਕਾਰਾਂ ਦੀਆਂ ਘੱਟਗਿਣਤੀਆਂ ਵਿਰੁਧ ਸਾਜ਼ਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿਤਾ ਜਾਵੇਗਾ। ਅਕਾਲੀ ਦਲ ਇਸ ਬਿਲ ਦਾ ਵਿਰੋਧ ਕਰੇਗਾ ਅਤੇ ਕਿਸੇ ਵੀ ਕੀਮਤ ਉਤੇ ਵਕਫ਼ ਬੋਰਡ ਐਕਟ-1995 ਨੂੰ ਕਮਜ਼ੋਰ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਘੱਟਗਿਣਤੀਆਂ ਦੇ ਧਾਰਮਕ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟੁੱਕੜੇ ਕਰ ਦਿਤੇ ਗਏ, ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਵਿਚ ਸਿੱਖਾਂ ਦੀ ਗਿਣਤੀ ਘਟਾ ਦਿਤੀ ਗਈ। ਹੁਣ ਬੀਜੇਪੀ ਮੁਸਲਮਾਨਾਂ ਦੇ ਧਾਰਮਕ ਅਦਾਰਿਆਂ ਦੇ ਟੁੱਕੜੇ ਕਰਨਾ ਚਾਹੁੰਦੀ ਹੈ ਜਿਸ ਨੂੰ ਰੋਕਿਆ ਜਾਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀਆਂ ਭਾਵਨਾਵਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵਿਚ ਸੁਧਾਰ ਕੀਤੇ ਜਾ ਰਹੇ ਹਨ ਅਤੇ ਅਗਲੇ ਸਮਿਆਂ ਦੌਰਾਨ ਅਕਾਲੀ ਦਲ ਬਹੁਤ ਮਜ਼ਬੂਤ ਧਿਰ ਬਣ ਕੇ ਉਭਰੇਗਾ।
ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ 20 ਅਗੱਸਤ, 2024 ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਬਰਸੀ ਸਮਾਗਮ ਵਿਚ ਵੱਡੀ ਗਿਣਤੀ ਵਿਚ ਲੋਕ ਪਹੁੰਚਣਗੇ ਅਤੇ ਅਕਾਲੀ ਦਲ ਦੇ ਵਿਰੋਧ ਵਿਚ ਸਾਜ਼ਸ਼ਾਂ ਰਚ ਰਹੇ ਲੋਕਾਂ ਨੂੰ ਮੂੰਹ ਤੋੜ ਜਵਾਬ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਪਿਆਰ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਪਰ ਕੁੱਝ ਲੀਡਰ ਅਕਾਲੀ ਦਲ ਵਿਚ ਰਹਿ ਕੇ ਹੀ ਅਕਾਲੀ ਦਲ ਦੇ ਖਿ਼ਲਾਫ਼ ਕੰਮ ਕਰ ਰਹੇ ਸਨ, ਜਿਨ੍ਹਾਂ ਨੂੰ ਹੁਣ ਪਾਰਟੀ ਵਿਚੋਂ ਬਾਹਰ ਦਾ ਰਸਤਾ ਵਿਖਾ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁੱਝ ਹੀ ਮਹੀਨਿਆਂ ਦੌਰਾਨ ਹੋਣ ਜਾ ਰਹੀਆਂ ਚੋਣਾਂ ਪੂਰੀ ਤਾਕਤ ਅਤੇ ਹੌਸਲੇ ਨਾਲ ਲੜੀਆਂ ਜਾਣਗੀਆਂ ਅਤੇ ਨਵੰਬਰ ਮਹੀਨੇ ਵਿਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣ ਜਾ ਰਹੇ ਅਕਾਲੀ ਦਲ ਦੇ ਤਿੰਨ ਰੋਜ਼ਾ ਇਜਲਾਸ ਵਿਚ ਪਾਰਟੀ ਲਈ ਨਵੇਂ ਏਜੰਡੇ ਨਿਸ਼ਚਿਤ ਕੀਤੇ ਜਾਣਗੇ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਪਾਰਟੀ ਨੂੰ ਅੱਜ ਅਪਣੇ ਵਰਕਰਾਂ ਅਤੇ ਨੇਤਾਵਾਂ ਦੀ ਲੋੜ ਹੈ, ਇਸ ਸਮੇਂ ਪਾਰਟੀ ਨਾਲ ਖੜਨ ਵਾਲਿਆਂ ਦੀ ਕਦਰ ਹਮੇਸ਼ਾ ਪਾਰਟੀ ਕਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੋਰ ਕਮੇਟੀ ਮੈਂਬਰ ਐਡਵੋਕੇਟ ਸ. ਇਕਬਾਲ ਸਿੰਘ ਝੂੰਦਾਂ, ਜ਼ਿਲ੍ਹਾ ਪ੍ਰਧਾਨ ਸ. ਤਰਲੋਚਨ ਸਿੰਘ ਧਲੇਰ, ਸਾਬਕਾ ਸ਼ਹਿਰੀ ਪ੍ਰਧਾਨ ਮੁਹੰਮਦ ਸ਼ਫ਼ੀਕ ਚੌਹਾਨ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਕਲ ਪ੍ਰਧਾਨ ਮਨਦੀਪ ਸਿੰਘ ਮਾਣਕਵਾਲ, ਸਰਕਲ ਪ੍ਰਧਾਨ ਰਾਜਪਾਲ ਸਿੰਘ ਰਾਜੂ ਚੱਕ, ਕੌਂਸਲਰ ਮੁਹੰਮਦ ਸ਼ਕੀਲ ਕਾਲਾ, ਸ਼ਹਿਰੀ ਸਰਕਲ ਪ੍ਰਧਾਨ ਮੁਹੰਮਦ ਇਕਬਾਲ ਬਾਲਾ, ਮਹੁੰਮਦ ਸ਼ਮਸ਼ਾਦ ਸਬਜ਼ੀ ਮੰਡੀ, ਮੁਹੰਮਦ ਅਮਜਦ ਜਮਾਲਪੁਰਾ, ਮੁਹੰਮਦ ਸ਼ੇਰ ਖ਼ਾਨ, ਮੁਹੰਮਦ ਮਹਿਮੂਦ ਗੋਲਡਨ, ਚੌਧਰੀ ਇਲਮਦੀਨ ਮੁਨੀਮ, ਯੂਥ ਆਗੂ ਖਿ਼ਜ਼ਰ ਅਲੀ ਖ਼ਾਨ, ਡਾ. ਮੁਹੰਮਦ ਮੁਸ਼ਤਾਕ, ਇਸਤਰੀ ਅਕਾਲੀ ਦਲ ਦੀ ਆਗੂ ਬੀਬੀ ਸੁਰੱਈਆ ਬੇਗਮ, ਬੀਬੀ ਬਲਜੀਤ ਕੌਰ, ਮੁਹੰਮਦ ਇਰਫ਼ਾਨ ਨੋਨਾ, ਸੰਦੀਪ ਖਟੜਾ, ਸਾਬਕਾ ਸਰਪੰਚ ਜਥੇਦਾਰ ਜੋਗਾ ਸਿੰਘ, ਸਾਬਕਾ ਸੂਪਰਡੈਂਟ ਸ. ਸੁਰਜੀਤ ਸਿੰਘ, ਜਥੇਦਾਰ ਸ. ਦਰਸ਼ਨ ਸਿੰਘ ਦਰਸ਼ੀ, ਮਹਿੰਦਰ ਸਿੰਘ ਸਾਬਕਾ ਸਰਪੰਚ ਝਨੇਰ, ਜਥੇਦਾਰ ਮਨੀਪਾਲ ਸਿੰਘ, ਯੂਥ ਆਗੂ ਸ਼ਰਨਾ ਚੱਠਾ, ਜਥੇਦਾਰ ਬਿਕਰ ਸਿੰਘ ਨੱਥੋਹੇੜੀ, ਕਾਲਾ ਅਲੀਪੁਰ, ਜਸਪਾਲ ਸਿੰਘ ਛੋਟੀ ਧਲੇਰ, ਜਸਪਾਲ ਸਿੰਘ ਛੋਟੀ ਮਹੌਲੀ, ਸੁਖਦੇਵ ਸਿੰਘ ਮਿੱਠੇਵਾਲ, ਜਥੇਦਾਰ ਜਸਪਾਲ ਸਿੰਘ ਹਥਣ, ਜਥੇਦਾਰ ਮੁਕੰਦ ਸਿੰਘ ਨੌਧਰਾਣੀ ਅਤੇ ਹੋਰ ਕਈ ਨੇਤਾ ਹਾਜ਼ਰ ਸਨ।