ਚੰਡੀਗੜ੍ਹ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜੱਥੇਦਾਰ ਇੰਦਰਜੀਤ ਸਿੰਘ ਜ਼ੀਰਾ ਦਾ ਅੱਜ ਸਵੇਰੇ 5 ਵਜੇ ਦਿਹਾਂਤ ਹੋ ਗਿਆ। ਵਿਧਾਇਕ ਕੁਲਬੀਰ ਜ਼ੀਰਾ ਦੇ ਪਿਤਾ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਬੀਤੇ ਕਈ ਦਿਨਾਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਲੜ ਰਹੇ ਸਨ। ਉਨ੍ਹਾਂ ਆਖ਼ਰੀ ਸਾਹ ਮੋਹਾਲੀ ਦੇ ਇਕ ਹਸਪਤਾਲ 'ਚ ਲਿਆ। ਇਸ ਦੀ ਜਾਣਕਾਰੀ ਕੁਲਬੀਰ ਸਿੰਘ ਜੀਰਾ ਵਿਧਾਇਕ ਨੈ ਫ਼ੇਸਬੁੱਕ ਰਾਹੀ ਦਿਤੀ ਹੈ। ਜੱਥੇਦਾਰ ਜ਼ੀਰਾ ਮੋਹਾਲੀ ਦੇ ਇੱਕ ਹਸਪਤਾਲ ਵਿੱਚ ਜੇਰੇ ਇਲਾਜ ਸਨ। ਸਵਰਗੀ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਜ਼ਦੀਕੀ ਰਹੇ ਜੱਥੇਦਾਰ ਜ਼ੀਰਾ ਦਾ ਅੰਤਿਮ ਸਸਕਾਰ ਅੱਜ ਪਿੰਡ ਬੂਟੇ ਬਸਤੀ ਵਾਲਾ (ਜ਼ੀਰਾ) ਵਿਖੇ ਦੁਪਹਿਰ 3 ਵਜੇ ਕੀਤਾ ਜਾਵੇਗਾ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਜੱਥੇਦਾਰ ਇੰਦਰਜੀਤ ਸਿੰਘ ਜ਼ੀਰਾ ਇਕ ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਆਗੂ ਸਨ, ਜਿਨ੍ਹਾਂ ਹਮੇਸ਼ਾਂ ਪੰਥ ਦੇ ਭਲੇ ਲਈ ਸਰਗਰਮੀ ਜਾਰੀ ਰੱਖੀ।