Thursday, September 19, 2024

Malwa

ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਿਹਤ ਅਤੇ ਸਿੱਖਿਆ ਖੇਤਰ ਨੂੰ ਹੁਲਾਰਾ ਦਿੱਤਾ ਜਾਵੇਗਾ: ਮੁੱਖ ਮੰਤਰੀ

August 15, 2024 06:28 PM
SehajTimes

* ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਭੇਟ
* ਕੋਚਾਂ ਅਤੇ ਸਹਾਇਕ ਸਟਾਫ਼ ਦੀ ਲਾਪਰਵਾਹੀ ਕਾਰਨ ਵਿਨੇਸ਼ ਫੋਗਾਟ ਮੈਡਲ ਤੋਂ ਖੁੰਝੀ
* ਚੰਗੀ ਦਿੱਖ ਵਾਲੇ ਦੂਰਅੰਦੇਸ਼ ਅਤੇ ਕੱਦਾਵਰ ਆਗੂਆਂ ਦਾ ਆਪ ਵਿੱਚ ਹਮੇਸ਼ਾ ਸਵਾਗਤ
* ਸਰਕਾਰ ਦੀਆਂ ਨੀਤੀਆਂ ਕਾਰਨ ਸੂਬੇ ਦੇ ਵਿੱਦਿਅਕ ਅਦਾਰਿਆਂ ਵਿੱਚ ਦਾਖ਼ਲਿਆਂ ਵਿੱਚ ਭਾਰੀ ਵਾਧਾ


ਈਸੜੂ (ਲੁਧਿਆਣਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਹਾਨ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਰਕਾਰ ਸੂਬੇ ਵਿੱਚ ਸਿਹਤ ਅਤੇ ਸਿੱਖਿਆ ਦੇ ਖੇਤਰਾਂ ਨੂੰ ਪ੍ਰਮੁੱਖ ਤਰਜੀਹ ਦੇ ਰਹੀ ਹੈ।

ਇੱਥੇ ਗੋਆ ਦੀ ਆਜ਼ਾਦੀ ਦੇ ਨਾਇਕ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਟੀਚੇ ਦੀ ਪ੍ਰਾਪਤੀ ਲਈ ਸੂਬਾ ਸਰਕਾਰ ਨੇ ਪੰਜਾਬ ਭਰ ਦੇ ਸਕੂਲਾਂ ਅਤੇ ਹਸਪਤਾਲਾਂ ਨੂੰ ਨਵਾਂ ਰੂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਨ ਲਈ ਸਕੂਲਾਂ ਨੂੰ ਨਵੀਨਤਮ ਤਕਨਾਲੋਜੀ ਨਾਲ ਲੈਸ ਕੀਤਾ ਗਿਆ ਹੈ, ਉੱਥੇ ਹੀ ਹਸਪਤਾਲਾਂ ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਅਤੇ ਸਕੂਲ ਆਫ ਐਮੀਨੈਂਸ ਨੇ ਸੂਬੇ ਦੇ ਲੋਕਾਂ ਦੀ ਤਕਦੀਰ ਬਦਲ ਦਿੱਤੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਸਰਪ੍ਰਸਤੀ ਕਾਰਨ ਸੂਬੇ ਵਿੱਚ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਵਰਗੀਆਂ ਸਮੱਸਿਆਵਾਂ ਵਧੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਨ੍ਹਾਂ ਬੁਰਾਈਆਂ ਪ੍ਰਤੀ ਕਤਈ ਲਿਹਾਜ਼ ਨਾ ਵਰਤਣ ਦੀ ਨੀਤੀ ਅਪਣਾਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਸੂਬੇ ਅੰਦਰ ਭ੍ਰਿਸ਼ਟ ਅਨਸਰਾਂ 'ਤੇ ਸ਼ਿਕੰਜਾ ਕੱਸਿਆ ਹੋਇਆ ਹੈ ਅਤੇ ਸੂਬੇ 'ਚੋਂ ਭ੍ਰਿਸ਼ਟਾਚਾਰ ਦਾ ਖ਼ਾਤਮਾ ਕਰ ਦਿੱਤਾ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਸ਼ਹੀਦਾਂ ਦਾ ਜੀਵਨ ਅਤੇ ਕੁਰਬਾਨੀ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ। ਭਗਵੰਤ ਸਿੰਘ ਮਾਨ ਨੇ ਕੌਮੀ ਸੁਤੰਤਰਤਾ ਸੰਗਰਾਮ ਵਿੱਚ ਪੰਜਾਬ ਦੇ ਸ਼ਹੀਦਾਂ ਦੀ ਸ਼ਾਨਦਾਰ ਭੂਮਿਕਾ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬੀਆਂ ਨੇ ਕੌਮੀ ਆਜ਼ਾਦੀ ਸੰਘਰਸ਼ ਵਿੱਚ ਮੋਹਰੀ ਰੋਲ ਅਦਾ ਕੀਤਾ ਸੀ।

ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਨੇ ਗੋਆ ਨੂੰ ਪੁਰਤਗਾਲੀ ਸਾਮਰਾਜਵਾਦ ਤੋਂ ਮੁਕਤ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਲੋਕ ਇਸ ਮਹਾਨ ਕੌਮੀ ਨਾਇਕ ਦੀ ਮਹਾਨ ਕੁਰਬਾਨੀ ਲਈ ਹਮੇਸ਼ਾ ਰਿਣੀ ਰਹਿਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਖ਼ੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਇਸ ਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਪਹਿਲਾਂ ਹੀ ਮਹਾਨ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਗਿਆ ਹੈ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਆਉਣ ਵਾਲੀ 28 ਸਤੰਬਰ ਨੂੰ ਹਵਾਈ ਅੱਡੇ ਨੂੰ ਜਾਂਦੀ ਸੜਕ 'ਤੇ ਸ਼ਹੀਦ ਭਗਤ ਸਿੰਘ ਦਾ 35 ਫੁੱਟ ਦਾ ਬੁੱਤ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਭਾਰਤ ਸਰਕਾਰ ਨੂੰ ਪਹਿਲਾਂ ਹੀ ਮਤਾ ਭੇਜ ਕੇ ਬੇਨਤੀ ਕੀਤੀ ਹੈ ਕਿ ਭਾਰਤੀ ਹਵਾਈ ਸੈਨਾ ਸਟੇਸ਼ਨ ਹਲਵਾਰਾ, ਲੁਧਿਆਣਾ ਵਿਖੇ ਬਣਨ ਵਾਲੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਉੱਤੇ ਰੱਖਿਆ ਜਾਵੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਅਫ਼ਸੋਸ ਪ੍ਰਗਟਾਇਆ ਕਿ ਪਹਿਲਵਾਨ ਵਿਨੇਸ਼ ਫੋਗਾਟ ਕੋਚਾਂ ਅਤੇ ਮਾਹਿਰਾਂ ਦੀ ਅਣਗਹਿਲੀ ਕਾਰਨ ਪੈਰਿਸ ਓਲੰਪਿਕ ਵਿੱਚ ਤਗ਼ਮਾ ਜਿੱਤਣ ਦੇ ਇਤਿਹਾਸਕ ਪਲ ਤੋਂ ਖੁੰਝ ਗਈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੋਚਾਂ ਅਤੇ ਸਟਾਫ਼ ਦਾ ਫ਼ਰਜ਼ ਬਣਦਾ ਹੈ ਕਿ ਉਹ ਪਹਿਲਵਾਨਾਂ ਦੇ ਭਾਰ ਨੂੰ ਨਿਰਧਾਰਤ ਨਿਯਮਾਂ ਤਹਿਤ ਰੱਖਣ ਕਿਉਂਕਿ ਇਸ ਕੰਮ ਲਈ ਉਨ੍ਹਾਂ ਨੂੰ ਸਰਕਾਰੀ ਖ਼ਜ਼ਾਨੇ ਵਿੱਚੋਂ ਮੋਟੀਆਂ ਤਨਖ਼ਾਹਾਂ ਮਿਲਦੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਗੰਭੀਰ ਕੁਤਾਹੀ ਹੋਈ ਹੈ, ਜਿਸ ਨੇ ਲੱਖਾਂ ਖੇਡ ਪ੍ਰੇਮੀਆਂ ਦੀ ਮਾਨਸਿਕਤਾ ਨੂੰ ਠੇਸ ਪਹੁੰਚਾਈ ਹੈ।

ਇੱਕ ਹੋਰ ਸਵਾਲ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਵਿੱਚ ਚੰਗੇ ਅਤੇ ਬੇਦਾਗ਼ ਦਿੱਖ ਵਾਲੇ ਆਗੂਆਂ ਦਾ ਸੁਆਗਤ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਡਾ. ਸੁਖਵਿੰਦਰ ਸਿੰਘ ਸੁੱਖੀ, ਜੋ ਕਿ ਹਾਲ ਹੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ ਹਨ, ਇੱਕ ਇਮਾਨਦਾਰ ਆਗੂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਦੀ ਸੋਚ ਰੱਖਣ ਵਾਲੇ ਆਗੂਆਂ ਲਈ ਆਮ ਆਦਮੀ ਪਾਰਟੀ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਸੂਬੇ ਵਿੱਚ ਪਰਵਾਸ ਨੂੰ ਮੋੜਾ ਪਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਾਰਦਰਸ਼ੀ ਢੰਗ ਨਾਲ 44000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ, ਜਿਸ ਨਾਲ ਨੌਜਵਾਨ ਜੋ ਪਹਿਲਾਂ ਵਿਦੇਸ਼ ਗਏ ਸਨ, ਉਹ ਨੌਕਰੀਆਂ ਲੈਣ ਲਈ ਵਾਪਸ ਸੂਬੇ ਵਿੱਚ ਆ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਦਾਖ਼ਲਿਆਂ ਵਿੱਚ ਭਾਰੀ ਵਾਧਾ ਹੋਇਆ ਹੈ।

Have something to say? Post your comment

 

More in Malwa

ਦੋ ਮਨਰੇਗਾ ਕਾਮਿਆਂ ਦਾ ਤੀਜੇ ਦਿਨ ਵੀ ਨਾ ਹੋਇਆ ਸਸਕਾਰ 

ਨੰਬਰਦਾਰਾਂ ਨੇ ਸਰਕਾਰ ਪ੍ਰਤੀ ਜਤਾਈ ਨਰਾਜ਼ਗੀ 

ਆਲਮੀ ਪੱਧਰ ਤੇ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਜ਼ਰੂਰੀ : ਡਾਕਟਰ ਫੂਲ 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਦੀਆਂ ਵੋਟਾਂ ਬਣਾਉਣ ਦੀ ਆਖੀਰਲੀ ਮਿਤੀ ਵਿੱਚ ਵਾਧਾ : ਡਾ ਪੱਲਵੀ

ਮਾਲਵਿੰਦਰ ਮਾਲੀ ਦੀ ਗ੍ਰਿਫਤਾਰੀ ਤਾਨਾਸ਼ਾਹੀ ਰਵਈਆ : ਆਈ ਡੀ ਪੀ

ਮ੍ਰਿਤਕ ਦੋ ਮਨਰੇਗਾ ਕਾਮਿਆਂ ਦੇ ਪਰਿਵਾਰਾਂ ਦੀ ਪ੍ਰਸ਼ਾਸਨ ਨਾਲ ਬਣੀ ਸਹਿਮਤੀ 

ਵਿਧਾਇਕ ਮਾਲੇਰਕੋਟਲਾ ਨੇ "ਸਵੱਛਤਾ ਹੀ ਸੇਵਾ 2024" ਮੁਹਿੰਮ ਤਹਿਤ ਪੰਦਰਵਾੜੇ ਦੀ ਕਰਵਾਈ ਸ਼ੁਰੂਆਤ

ਸੁਨਾਮ 'ਚ ਕਾਂਗਰਸੀਆਂ ਵੱਲੋਂ ਡੀਐਸਪੀ ਦਫ਼ਤਰ ਮੂਹਰੇ ਧਰਨਾ 

ਚਾਰ ਮਨਰੇਗਾ ਕਾਮਿਆਂ ਦੀ ਮੌਤ ਨੂੰ ਲੈਕੇ ਸੰਘਰਸ਼ ਕੀਤਾ ਤਿੱਖਾ 

ADC ਨੇ "ਖੇਡਾਂ ਵਤਨ ਪੰਜਾਬ ਦੀਆਂ-2024 " ਅਧੀਨ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਪ੍ਰਬੰਧਾਂ ਸਬੰਧੀ ਕੀਤੀ ਵੱਖ-2 ਅਧਿਕਾਰੀਆਂ ਨਾਲ ਮੀਟਿੰਗ