ਹਾਰ ਦੇਖਕੇ ਭਾਜਪਾ ਕਈ ਰਾਜਾਂ ਦੀਆਂ ਉਪ ਚੋਣਾਂ ਤੋਂ ਭੱਜੀ
ਸੁਨਾਮ : ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਕੋਲਕਾਤਾ ਵਿੱਚ ਇੱਕ ਮਹਿਲਾ ਡਾਕਟਰ ਨਾਲ ਬਲਾਤਕਾਰ ਤੋਂ ਬਾਅਦ ਕਤਲ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੀ ਮਾਨਸਿਕਤਾ ਵਾਲੇ ਲੋਕ ਸਮੁੱਚੇ ਸਮਾਜ ਲਈ ਕਲੰਕ ਹਨ । ਅਜਿਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਕੇਂਦਰ ਅਤੇ ਸੂਬਿਆਂ ਨੂੰ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ। ਐਤਵਾਰ ਨੂੰ ਸੁਨਾਮ ਵਿਖੇ ਮਰਹੂਮ ਪੱਤਰਕਾਰ ਜੰਗੀਰ ਸਿੰਘ ਸੁਤੰਤਰ ਦੀ ਬਰਸੀ ਮੌਕੇ ਸ਼ਰਧਾਂਜਲੀ ਦੇਣ ਉਪਰੰਤ ਵਿਸ਼ੇਸ਼ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਦੱਸਿਆ ਕਿ ਸੋਮਵਾਰ ਨੂੰ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਡਾਕਟਰਾਂ ਨਾਲ ਮੀਟਿੰਗ ਸੱਦੀ ਗਈ ਹੈ, ਇਸ ਮੀਟਿੰਗ ਵਿੱਚ ਮਹਿਲਾ ਡਾਕਟਰਾਂ ਦੀ ਸੁਰੱਖਿਆ ਤੋਂ ਇਲਾਵਾ ਹੋਰਨਾਂ ਮੰਗਾਂ ਤੇ ਵੀ ਚਰਚਾ ਕੀਤੀ ਜਾਵੇ। ਉਨ੍ਹਾਂ ਸਮੂਹ ਡਾਕਟਰਾਂ ਅਤੇ ਮੈਡੀਕਲ ਸਟਾਫ਼ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਣ ਦੇਵੇਗੀ। ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਇੱਕ ਸਵਾਲ ਦੇ ਜਵਾਬ 'ਚ ਕਿਹਾ ਕਿ ਭਾਜਪਾ ਨੂੰ ਆਪਣੀ ਹਾਰ ਸਾਫ ਨਜ਼ਰ ਆ ਰਹੀ ਹੈ ਇਸੇ ਕਾਰਨ ਉੱਤਰ ਪ੍ਰਦੇਸ਼, ਪੰਜਾਬ ਅਤੇ ਮਹਾਰਾਸ਼ਟਰ ਵਿੱਚ ਉਪ ਚੋਣਾਂ ਨਹੀਂ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਭਾਜਪਾ ਦਾ ਗ੍ਰਾਫ ਤੇਜ਼ੀ ਨਾਲ ਡਿੱਗ ਰਿਹਾ ਹੈ। ਆਮ ਆਦਮੀ ਪਾਰਟੀ ਹਰਿਆਣਾ ਵਿੱਚ ਇਕੱਲਿਆਂ ਆਪਣੇ ਹੀ ਦਮ ਤੇ ਚੋਣ ਲੜੇਗੀ ਅਤੇ ਵੱਡੀ ਜਿੱਤ ਦਰਜ਼ ਕਰੇਗੀ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਕਿਹਾ ਕਿ ਪੰਜਾਬ ਦੀ ਆਰਥਿਕ ਹਾਲਤ ਸੁਧਾਰਨ ਲਈ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ। ਟੈਕਸ ਚੋਰੀ ਨੂੰ ਰੋਕਿਆ ਜਾ ਰਿਹਾ। ਪਿਛਲੇ ਦੋ ਸਾਲਾਂ ਵਿੱਚ ਜੀਐਸਟੀ ਵਿੱਚ 14 ਫੀਸਦੀ ਦਾ ਵਾਧਾ ਹੋਇਆ ਹੈ। ਐਕਸਾਈਜ਼ ਵਿੱਚ ਰਿਕਾਰਡ ਵਾਧਾ ਹੋਇਆ ਹੈ ਅਤੇ ਮਾਲੀਏ ਦਾ ਅੰਕੜਾ 6 ਹਜ਼ਾਰ ਕਰੋੜ ਰੁਪਏ ਤੋਂ 10 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਸ ਮੌਕੇ ਰੁਪਿੰਦਰ ਸਿੰਘ ਸੱਗੂ, ਗੁਰਪ੍ਰੀਤ ਸਿੰਘ ਸੱਗੂ, ਦਰਸ਼ਨ ਸਿੰਘ, ਸੁਸ਼ੀਲ ਕੁਮਾਰ, ਅਵਿਨਾਸ਼ ਜੈਨ, ਪਵਨ ਸ਼ਰਮਾ ਆਦਿ ਹਾਜ਼ਰ ਸਨ।