ਗੁਜਰਾਤ : ਇਹ ਪ੍ਰਸ਼ਾਸਨ ਦੀ ਕਮੀ ਹੈ ਜਾਂ ਫਿਰ ਹਸਪਤਾਲ ਵਾਲਿਆਂ ਦੀ ਇਹ ਤਾਂ ਜਾਂਚ ਵਿਚ ਹੀ ਪਤਾ ਲੱਗੇਗਾ ਪਰ ਜੋ ਵੀ ਹੈ, ਇਸ ਨੂੰ ਲਾਪਰਵਾਹੀ ਹੀ ਆਖਿਆ ਜਾ ਸਕਦਾ ਹੈ। ਦਰਾਸਲ ਗੁਜਰਾਤ ਦੇ ਭਾਵਨਗਰ ਵਿੱਚ ਬੁੱਧਵਾਰ ਤੜਕੇ ਇੱਕ ਹੋਟਲ ਵਿੱਚ ਅੱਗ ਲੱਗ ਗਈ ਜਿਸ ਨੂੰ ਕੋਵਿਡ ਕੇਅਰ ਸੈਂਟਰ ਵਿੱਚ ਤਬਦੀਲ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਕੁੱਲ 61 ਮਰੀਜ਼ਾਂ ਨੂੰ ਮਾਮੂਲੀ ਅੱਗ ਲੱਗਣ ਅਤੇ ਧੂਆਂ ਉੱਠਣ ਦੇ ਬਾਅਦ ਹੋਰ ਹਸਪਤਾਲਾਂ ਵਿੱਚ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਵੇਲੇ ਹਸਪਤਾਲ ਵਿੱਚ 68 ਮਰੀਜ਼ ਸਨ। ਇਹ ਵੀ ਦੱਸਿਆ ਕਿ ਬਾਕੀ ਸੱਤ ਮਰੀਜ਼ਾਂ ਨੂੰ ਵੀ ਜਲਦੀ ਸ਼ਿਫਟ ਕਰ ਦਿੱਤਾ ਜਾਵੇਗਾ। ਰਾਜ ਦੀ ਰਾਜਧਾਨੀ ਤੋਂ ਲੱਗਭਗ 170 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਇਸ ਹੋਟਲ ਨੂੰ ਇੱਕ ਨਿੱਜੀ ਹਸਪਤਾਲ ਨੇ ਕੋਵਿਡ ਕੇਅਰ ਸੈਂਟਰ 'ਚ ਬਦਲ ਦਿੱਤਾ ਸੀ। ਅਧਿਕਾਰੀ ਨੇ ਦੱਸਿਆ ਕਿ ਅੱਗ ਮਾਮੂਲੀ ਸੀ ਅਤੇ ਇਸ ਨੂੰ ਤੁਰੰਤ ਕਾਬੂ ਕਰ ਲਿਆ ਗਿਆ। ਭਾਵਨਗਰ ਫਾਇਰ ਬ੍ਰਿਗੇਡ ਵਿਭਾਗ ਦੇ ਸੀਨੀਅਰ ਅਧਿਕਾਰੀ ਭਰਤ ਕਾਨਾਡਾ ਨੇ ਦੱਸਿਆ ਕਿ "ਜਨਰੇਸ਼ਨ ਐਕਸ ਹੋਟਲ" ਸੈਂਟਰ ਦੀ ਤੀਜੀ ਮੰਜ਼ਲ 'ਤੇ ਧੂੰਆਂ ਭਰਿਆ ਹੋਇਆ ਸੀ, ਜਿਸ 'ਤੇ ਮਰੀਜ਼ਾਂ ਨੂੰ ਰੱਖਿਆ ਹੋਇਆ ਸੀ।