10 ਏਕੜ ਜ਼ਮੀਨ 'ਚ ਪਿਛਲੇ ਸੱਤ ਸਾਲਾ 'ਚ ਪਰਾਲੀ ਨੂੰ ਨਹੀਂ ਲਗਾਈ ਅੱਗ : ਨਾਜ਼ਰ ਸਿੰਘ
ਅੱਗ ਨਾ ਲਗਾਉਣ ਨਾਲ ਖੇਤ ਦੀ ਉਪਜਾਊ ਸ਼ਕਤੀ 'ਚ ਹੋਇਆ ਵਾਧਾ, ਖਾਦ ਦਾ ਖਰਚਾ 50 ਫ਼ੀਸਦੀ ਘੱਟ ਹੋਇਆ
ਪਟਿਆਲਾ : ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਕਿਸਾਨ ਪੂਰੀ ਤਰ੍ਹਾਂ ਸੁਚੇਤ ਹੋ ਗਏ ਹਨ, ਜਿਸ ਦੀ ਮਿਸਾਲ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਲੀਪੁਰ ਦੇ ਕਿਸਾਨ ਨਾਜ਼ਰ ਸਿੰਘ ਹਨ, ਜੋ ਆਪਣੀ 10 ਏਕੜ ਜ਼ਮੀਨ ਵਿੱਚ ਬਿਨ੍ਹਾਂ ਅੱਗ ਲਗਾਏ ਪਰਾਲੀ ਦਾ ਨਿਪਟਾਰਾ ਪਿਛਲੇ ਸੱਤ ਸਾਲਾ ਤੋਂ ਖੇਤ ਵਿੱਚ ਹੀ ਕਰਦੇ ਆ ਰਹੇ ਹਨ। ਆਪਣਾ ਖੇਤੀ ਤਜਰਬਾ ਸਾਂਝਾ ਕਰਦਿਆਂ ਅਗਾਂਹਵਧੂ ਕਿਸਾਨ ਨਾਜ਼ਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ 6 ਏਕੜ ਆਪਣੀ ਅਤੇ 4 ਏਕੜ ਠੇਕੇ 'ਤੇ ਜ਼ਮੀਨ ਹੈ, ਜਿਸ 'ਤੇ ਉਨ੍ਹਾਂ ਪਿਛਲੇ ਸੱਤ ਸਾਲਾ ਦੌਰਾਨ ਕਦੇ ਅੱਗ ਨਹੀਂ ਲਗਾਈ ਹੈਪੀ ਸੀਡਰ ਤੇ ਸਮਾਰਟ ਸੀਡਰ ਦੀ ਮਦਦ ਨਾਲ ਪਰਾਲੀ ਨੂੰ ਖੇਤਾਂ ਵਿੱਚ ਹੀ ਮਿਲਾਇਆ ਹੈ। ਅਗਾਂਹਵਧੂ ਕਿਸਾਨ ਨਾਜ਼ਰ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਖੇਤਾਂ 'ਚ ਮਿਲਾਉਣ ਸਦਕਾ ਉਹ ਝੋਨੇ ਦੀ ਕਟਾਈ ਤੋਂ ਬਾਅਦ ਤੁਰੰਤ ਖੇਤਾਂ ਨੂੰ ਕਣਕ ਬੀਜਣ ਲਈ ਤਿਆਰ ਕਰ ਲੈਦੇ ਹਨ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਖੇਤਾਂ ਵਿੱਚ ਅੱਗ ਨਾ ਲਗਾਉਣ ਨਾਲ ਜਿਥੇ ਖਾਦਾਂ ਦੀ ਵਰਤੋਂ 'ਚ 50 ਫ਼ੀਸਦੀ ਤੱਕ ਕਮੀ ਆਈ ਹੈ, ਉਥੇ ਹੀ ਝਾੜ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅੱਗ ਲਗਾਉਣ ਨਾਲ ਜਿਥੇ ਜਮੀਨ ਦੇ ਖੁਰਾਕ ਤੱਤ ਨਸ਼ਟ ਹੁੰਦੇ ਹਨ, ਉਥੇ ਉਪਜਾਊ ਸ਼ਕਤੀ ਵੀ ਘੱਟਦੀ ਹੈ।
ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਖੇਤ 'ਚ ਮਿਲਾਉਣ ਨਾਲ ਨਦੀਨ ਵੀ ਘੱਟ ਹੁੰਦੇ ਹਨ ਤੇ ਜਮੀਨ ਦੀ ਪਾਣੀ ਜਜ਼ਬ ਕਰਨ ਦੀ ਸ਼ਕਤੀ ਵੀ ਵਧਦੀ ਹੈ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਖਾਦਾਂ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰ ਦੇਣਗੇ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਪਰਾਲੀ ਦਾ ਸਹੀ ਤਰ੍ਹਾਂ ਨਿਪਟਾਰਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹਾ ਕਰਨ ਨਾਲ ਨਾ ਸਿਰਫ਼ ਅਸੀਂ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਂਦੇ ਹਾਂ ਸਗੋਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਵੀ ਰਹਿਣ ਲਈ ਸੁਰੱਖਿਅਤ ਵਾਤਾਵਰਣ ਦੇਣ 'ਚ ਯੋਗਦਾਨ ਪਾਵਾਂਗੇ। ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਅਗਾਂਹਵਧੂ ਕਿਸਾਨ ਨਾਜ਼ਰ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕਿਸਾਨ ਹੋਰਨਾ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਹਨ।