ਨਵੀਂ ਦਿੱਲੀ : ਕੋਰੋਨਾ ਵਾਇਰਸ ਤੋਂ ਬਚਣ ਲਈ ਕਈ ਲੋਕ ਗਊਸ਼ਾਲਾ ਵਿੱਚ ਜਾ ਕੇ ਗਾਵਾਂ ਨੂੰ ਗਲੇ ਲਗਾਉਣ ਤੋਂ ਬਾਅਦ ਆਪਣੇ ਸਰੀਰ 'ਤੇ ਗਾਂ ਦਾ ਗੋਬਰ ਲਗਾਉਂਦੇ ਹਨ ਅਤੇ ਫਿਰ ਯੋਗਾ ਕਰਦੇ ਹਨ। ਹਾਲਾਂਕਿ ਭਾਰਤ ਦੇ ਕਈ ਡਾਕਟਰ ਅਤੇ ਵਿਗਿਆਨੀ ਲਗਾਤਾਰ ਕੋਰੋਨਾ ਦੇ ਇਲਾਜ ਨੂੰ ਲੈ ਕੇ ਚਿਤਾਵਨੀ ਜਾਰੀ ਕਰਦੇ ਰਹੇ ਹਨ। ਇਨ੍ਹਾਂ ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਨਾਲ ਲੋਕਾਂ ਦੀਆਂ ਪ੍ਰੇਸ਼ਾਨੀਆਂ ਹੋਰ ਜ਼ਿਆਦਾ ਮੁਸ਼ਕਲ ਹੋ ਸਕਦੀਆਂ ਹਨ। ਕਈ ਕਮਜ਼ੋਰ ਲੋਕ ਵਾਇਰਸ ਨੂੰ ਭਜਾਉਣ ਲਈ ਤਰ੍ਹਾਂ-ਤਰ੍ਹਾਂ ਦੇ ਉਪਾਅ ਆਪਣਾ ਰਹੇ ਹਨ। ਹਾਲਾਂਕਿ ਡਾਕਟਰਾਂ ਨੇ ਲਗਾਤਾਰ ਇਨ੍ਹਾਂ ਉਪਰਾਲਿਆਂ ਤੋਂ ਦੂਰੀ ਬਣਾਉਣ ਲਈ ਕਿਹਾ ਹੈ। ਗੁਜਰਾਤ ਵਿੱਚ ਕੁੱਝ ਲੋਕ ਗਊਸ਼ਾਲਾ ਵਿੱਚ ਜਾ ਕੇ ਆਪਣੇ ਸਰੀਰ 'ਤੇ ਗਾਂ ਦੇ ਗੋਬਰ ਨੂੰ ਮਲ ਰਹੇ ਹਨ ਅਤੇ ਗਾਂ ਦੇ ਮੂਤਰ ਦਾ ਸੇਵਨ ਕਰ ਰਹੇ ਹਨ। ਇਨ੍ਹਾਂ ਲੋਕਾਂ ਦਾ ਮੰਨਣਾ ਹੈ ਕਿ ਇਸ ਨਾਲ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਇੰਮਿਉਨਿਟੀ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਅਤੇ ਕੋਰੋਨਾ ਵਾਇਰਸ ਹੋਣ ਦੀ ਹਾਲਤ ਵਿੱਚ ਉਹ ਇਸ ਖ਼ਤਰਨਾਕ ਵਾਇਰਸ ਤੋਂ ਖੁਦ ਨੂੰ ਬਚਾ ਸਕਦੇ ਹਨ। ਇਸ ਮਾਮਲੇ ਵਿੱਚ ਰਾਇਟਰਸ ਨਾਲ ਗੱਲ ਕਰਦੇ ਹੋਏ ਇੱਕ ਫਾਰਮਾ ਕੰਪਨੀ ਦੇ ਐਸੋਸੀਏਟ ਮੈਨੇਜਰ ਗੌਤਮ ਮਣੀਲਾਲ ਬੋਰਿਸਾ ਨੇ ਕਿਹਾ ਕਿ ਗਊਸ਼ਾਲਾਵਾਂ ਵਿੱਚ ਕਈ ਡਾਕਟਰ ਵੀ ਆਉਂਦੇ ਹਨ। ਉਨ੍ਹਾਂ ਦਾ ਵੀ ਮੰਨਣਾ ਹੈ ਕਿ ਗਾਵਾਂ ਦੇ ਗੋਬਰ ਅਤੇ ਮੂਤਰ ਨਾਲ ਇੰਮਿਉਨਿਟੀ ਬਿਹਤਰ ਹੁੰਦੀ ਹੈ ਅਤੇ ਉਹ ਇਸ ਤੋਂ ਬਾਅਦ ਕੋਵਿਡ ਦੇ ਮਰੀਜ਼ਾਂ ਦਾ ਇਲਾਜ ਬਿਨਾਂ ਕਿਸੇ ਡਰ ਦੇ ਕਰ ਪਾਂਦੇ ਹਨ। ਗੌਤਮ ਦਾ ਦਾਅਵਾ ਹੈ ਕਿ ਉਹ ਪਿਛਲੇ ਸਾਲ ਕੋਰੋਨਾ ਪਾਜ਼ੇਟਿਵ ਹੋ ਗਏ ਸਨ ਪਰ ਇਸ ਤਕਨੀਕ ਦੇ ਸਹਾਰੇ ਹੀ ਉਹ ਇਸ ਖ਼ਤਰਨਾਕ ਵਾਇਰਸ ਨੂੰ ਮਾਤ ਦੇਣ ਵਿੱਚ ਕਾਮਯਾਬ ਰਹੇ ਸਨ।