ਰੋਹਤਕ : ਗੁਰਮੀਤ ਰਾਮ ਰਹੀਮ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਡਾਕਟਰਾਂ ਨੇ ਜਾਂਚ ਕਰਨ ਮਗਰੋਂ ਕਿਹਾ ਕਿ ਰਾਮ ਰਹੀਮ ਬਿਲਕੁਲ ਠੀਕ ਠਾਕ ਹੈ। ਦਸਣਯੋਗ ਹੈ ਕਿ ਪਿਛਲੇ ਦਿਨ ਰਾਮ ਰਹੀਮ ਨੂੰ ਸਰੀਰਕ ਪ੍ਰੇਸ਼ਾਨੀ ਹੋਣ ਕਾਰਨ ਰੋਹਤਕ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਨੂੰ ਸ਼ੱਕ ਸੀ ਕਿ ਗੁਰਮੀਤ ਨੂੰ ਕੋਰੋਨਾ ਹੋ ਗਿਆ ਹੈ ਤਾਂ ਹੀ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਇਸ ਸੱਭ ਦੇ ਦੌਰਾਨ ਹਸਪਤਾਲ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਵੀ ਕਰ ਦਿਤਾ ਗਿਆ ਸੀ। ਇਸ ਤੋਂ ਇਲਾਵਾ ਮੀਡੀਆ ਕਰਮੀਆਂ ਨੂੰ ਵੀ ਹਸਪਤਾਲ ਲਾਗੇ ਫਟਕਨ ਨਾ ਦਿਤਾ ਗਿਆ। ਹੁਣ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਸਿਰਸਾ ਡੇਰਾ ਮੁਖੀ ਨੂੰ ਫਿਰ ਤੋਂ ਜੇਲ ਲਿਜਾਇਆ ਜਾ ਰਿਹਾ ਹੈ ਅਤੇ ਇਸ ਦੌਰਾਨ ਪੁਲਿਸ ਦਾ ਪਹਿਰਾ ਵੀ ਸਖ਼ਤ ਹੈ। ਸੂਤਰਾਂ ਦੇ ਦਸਣ ਮੁਤਾਬਕ ਰਾਮ ਰਹੀਮ ਨੇ ਜੇਲ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਕਿ ਉਸ ਨੂੰ ਸਾਹ ਲੈਣ ਵਿਚ ਦਿੱਕਤ ਪੇਸ਼ ਆ ਰਹੀ ਹੈ। ਇਸੇ ਕਾਰਨ ਗੁਰਮੀਤ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਇਥੇ ਡਾਕਟਰਾਂ ਨੇ ਰਾਮ ਰਹੀਮ ਦੀ ਜਾਂਚ ਪੜਤਾਲ ਕਰਨ ਮਗਰੋਂ ਕਹਿ ਦਿਤਾ ਕਿ ਇਨ੍ਹਾਂ ਨੂੰ ਕੋਈ ਗੰਭੀਰ ਬੀਮਾਰੀ ਨਹੀਂ ਹੈ ਖਾਸ ਕਰ ਕੇ ਕੋਰੋਨਾ ਤਾਂ ਬਿਲਕੁਲ ਵੀ ਨਹੀਂ ਹੈ।