ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਕਿਸਾਨੀ ਮੰਗਾਂ ਨੂੰ ਲੈਕੇ 15 ਸਤੰਬਰ ਨੂੰ ਹਰਿਆਣਾ ਦੇ ਉਚਾਨਾ ਵਿਖੇ ਕੀਤੀ ਜਾ ਰਹੀ ਮਹਾਂ ਪੰਚਾਇਤ ਦੀਆਂ ਤਿਆਰੀਆਂ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਮੀਟਿੰਗ ਚੱਠਾ ਨਨਹੇੜਾ ਦੇ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਵਿਖੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜਥੇਬੰਦੀ ਦੇ ਬਲਾਕ ਅਤੇ ਪਿੰਡ ਇਕਾਈਆਂ ਤੋਂ ਆਏ ਅਹੁਦੇਦਾਰਾਂ ਨਾਲ ਵਿਚਾਰ ਚਰਚਾ ਕਰਦੇ ਹੋਏ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਕਿਸਾਨੀ ਮੰਗਾਂ ਨੂੰ ਜਾਣ ਬੁੱਝਕੇ ਅਣਗੌਲਿਆਂ ਕਰ ਰਹੀਆਂ ਹਨ, ਜਿਸ ਕਾਰਨ ਕਿਸਾਨਾਂ ਦੇ ਮਨਾਂ ਅੰਦਰ ਰੋਹ ਵਧਦਾ ਜਾ ਰਿਹਾ ਹੈ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ 15 ਸਤੰਬਰ ਨੂੰ ਹਰਿਆਣਾ ਦੇ ਜ਼ਿਲ੍ਹਾ ਜੀਂਦ ਵਿੱਚ ਪੈਂਦੇ ਉਚਾਨਾ ਵਿਖੇ ਕਿਸਾਨ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਸੂਬੇ ਦੀ ਭਗਵੰਤ ਮਾਨ ਸਰਕਾਰ ਤੇ ਵਰਦਿਆਂ ਕਿਹਾ ਕਿ ਪੰਜਾਬ ਅੰਦਰ ਕਥਿਤ ਤੌਰ ਤੇ ਨਕਲੀ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਕਿਸਾਨਾਂ ਨੂੰ ਮੁਹਈਆ ਕਰਵਾਏ ਜਾ ਰਹੇ ਹਨ ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਤੌਰ ਤੇ ਲੁੱਟਿਆ ਜਾ ਰਿਹਾ ਹੈ, ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਜਨਤਕ ਹੋਈ ਇੱਕ ਰਿਪੋਰਟ ਵਿਚ ਖਾਦ ਦੇ ਨਮੂਨੇ ਫੇਲ੍ਹ ਹੋਏ ਹਨ। ਇਸ ਮੌਕੇ ਬਲਾਕ ਪ੍ਰਧਾਨ ਹਰੀ ਸਿੰਘ ਚੱਠਾ, ਜੱਗੀ ਸਿੰਘ ਗੰਢੂਆਂ,ਬਲਾਕ ਦਰਸ਼ਨ ਸਿੰਘ ਛਾਜਲਾ, ਹਰਬੰਸ ਸਿੰਘ ਖਡਿਆਲ,ਦੇਵ ਸਿੰਘ ਖਡਿਆਲ,ਮਦਨ ਦਾਸ ਮਹਿਲਾਂ, ਕੁਲਦੀਪ ਸਿੰਘ ਮਹਿਲਾਂ,ਕਰਮ ਸਿੰਘ ਨਮੋਲ, ਗੁਰਚਰਨ ਸਿੰਘ ਨਮੋਲ,ਨਸੀਬ ਸਿੰਘ ਜਖੇਪਲ,ਦਲੇਲ ਸਿੰਘ ਚੱਠਾ, ਕੇਵਲ ਸਿੰਘ ਜਵੰਧਾਂ,ਬਲਦੇਵ ਸਿੰਘ ਰਵਿਦਾਸਪੁਰਾ ਟਿੱਬੀ,ਭੋਲਾ ਸਿੰਘ ਨੀਲੋਵਾਲ, ਭਗਵੰਤ ਸਿੰਘ ਮੈਦੇਵਾਸ, ਗੁਰਮੇਲ ਸਿੰਘ ਸ਼ਾਹਪੁਰ ਕਲਾਂ,ਜਗਤਾਰ ਸਿੰਘ ਕਣਕਵਾਲ ਭੰਗੂਆਂ ਆਦਿ ਹਾਜ਼ਰ ਸਨ।