ਕੋਲਕਾਤਾ : ਪੱਛਮੀ ਬੰਗਾਲ ਸਰਕਾਰ ਨੇ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇਕ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ-ਕਤਲ ਦੇ ਮਾਮਲੇ ਵਿੱਚ ਹੜਤਾਲ ’ਤੇ ਬੈਠੇ ਜੂਨੀਅਰ ਡਾਕਟਰਾਂ ਦੀਆਂ 5 ਮੰਗਾਂ ਵਿਚੋਂ 3 ਮੰਗਾਂ ਨੂੰ ਮੰਨ ਲਿਆ। ਹੜਤਾਲੀ ਡਾਕਟਰਾਂ ਦੀ ਸੋਮਵਾਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੀਟਿੰਗ ਹੋਈ ਸੀ। ਇਸ ਸਬੰਧੀ ਜਾਣਕਾਰੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਦੀ ਰਾਤ ਨੂੰ ਪ੍ਰੈੱਸ ਕਾਨਫ਼ਰੰਸ ਕਰਕੇ ਦਿੱਤੀ। ਉਨ੍ਹਾਂ ਦਸਿਆ ਕਿ ਸਰਕਾਰ ਕੋਲਕਾਤਾ ਦੇ ਪੁਲਿਸ ਕਮਿਸ਼ਨਰ, ਸਿਹਤ ਸੇਵਾਵਾਂ ਦੇ ਡਾਇਰੈਕਟਰ, ਮੈਡੀਕਲ ਸਿਖਿਆ ਦੇ ਡਾਇਰੈਕਟਰ ਅਤੇ ਉੱਤਰੀ ਕੋਲਕਾਤਾ ਦੇ ਡਿਪਟੀ ਕਮਿਸ਼ਨਰ ਨੂੰ ਹਟਾਉਣ ਲਈ ਤਿਆਰ ਹੈ। ਡਾਕਟਰਾਂ ਦਾ ਧਰਨਾ ਮੰਗਲਵਾਰ ਨੂੰ 39ਵੇਂ ਦਿਨ ਵੀ ਜਾਰੀ ਰਿਹਾ। ਉਹ ਅਫ਼ਸਰਾਂ ਨੂੰ ਹਟਾਉਣ ਦੇ ਰਸਮੀ ਹੁਕਮਾਂ ਦੀ ਉਡੀਕ ਕਰ ਰਹੇ ਹਨ ਅਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਣ ਵਾਲੀ ਹੈ। ਦੂਜੇ ਪਾਸੇ ਮੁੱਖ ਮੰਤਰੀ ਨੇ ਕਿਹਾ ਕਿ ਮੰਗਲਵਾਰ ਨੂੰ ਸ਼ਾਮ 4 ਵਜੇ ਵਿਨੀਤ ਗੋਇਲ ਦੀ ਥਾਂ ਨਵਾਂ ਪੁਲਿਸ ਕਮਿਸ਼ਨਰ ਚਾਰਜ ਲਵੇਗਾ। ਮਮਤਾ ਨੇ ਡਾਕਟਰਾਂ ਨੂੰ ਕੰਮ ’ਤੇ ਪਰਤਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।
ਡਾਕਟਰਾਂ ਦੀਆਂ 99 ਫ਼ੀ ਸਦੀ ਮੰਗਾਂ ਮੰਨ ਲਈਆਂ ਹਨ : ਮਮਤਾ ਬੈਨਰਜੀ
ਕੋਲਕਾਤਾ ਬਲਾਕਤਾਰ-ਕਤਲ ਮਾਮਲੇ ਵਿੱਚ ਮਮਤਾ ਬੈਨਰਜੀ ਮੁਤਾਬਿਕ ਪਹਿਲੀਆਂ ਤਿੰਨ ਮੰਗਾਂ ਪੂਰੀਆਂ ਹੋ ਚੁੱਕੀਆਂ ਹਨ। ਟਰੇਨੀ ਡਾਕਟਰ ਨਾਲ ਬਲਾਤਕਾਰ ਅਤੇ ਹਤਿਆ ਦੇ ਦੋਸ਼ੀ ਸੰਜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਅਤੇ ਤਾਲਾ ਥਾਣੇ ਦੇ ਐਸ.ਐਚ.ਓ. ਨੂੰ ਸਬੂਤਾਂ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਤੀਜੀ ਮੰਗ ਅਨੁਸਾਰ ਕੋਲਕਾਤਾ ਪੁਲਿਸ ਕਮਿਸ਼ਨਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਮਮਤਾ ਬੈਨਰਜੀ ਨੇ ਸੋਮਵਾਰ ਦੀ ਰਾਤ ਡਾਕਟਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਡਾਕਟਰਾਂ ਦੀਆਂ 99 ਫ਼ੀ ਸਦੀ ਮੰਗਾਂ ਨੂੰ ਮੰਨ ਲਿਆ ਹੈ। ਉਨ੍ਹਾਂ ਕਿਹਾ ਕਿ ਡਾਕਟਰ ਸਾਡੇ ਛੋਟੇ ਭਰਾ ਹਨ। ਜੂਨੀਅਰ ਡਾਕਟਰਾਂ ਦੀ ਤਰਫ਼ੋਂ ਮੀਟਿੰਗ ਵਿੱਚ 42 ਦਸਤਖ਼ਤ ਕੀਤੇ ਗਏ ਜਦਕਿ ਸਰਕਾਰ ਵੱਲੋਂ ਮੁੱਖ ਸਕੱਤਰ ਮਨੋਜ ਪੰਤ ਨੇ ਸਹੀ ਪਾਈ। ਮੀਟਿੰਗ ਵਿੱਚ ਸੀਸੀਟੀਵੀ, ਵਾਸ਼ਰੂਮ ਵਰਗੇ ਹਸਪਤਾਲ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦੀ ਮੰਗ ਨੂੰ ਵੀ ਸਰਕਾਰ ਨੇ ਮੰਨ ਲਿਆ ਹੈ। ਇਸ ਤੋਂ ਇਲਾਵਾ ਮਮਤਾ ਬੈਨਰਜੀ ਨੇ ਕਿਹਾ ਕਿ ਡਾਇਰੈਕਟਰ ਆਫ਼ ਹੈਲਥ ਸਰਵਿਸਿਜ਼ ਅਤੇ ਡਾਇਰੈਕਟਰ ਆਫ਼ ਮੈਡੀਕਲ ਐਜੂਕੇਸ਼ਨ ਨੂੰ ਢੁਕਵੀਆਂ ਅਸਾਮੀਆਂ ’ਤੇ ਤਾਇਨਾਤ ਕੀਤਾ ਜਾਵੇਗਾ।