ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਤਾਲਾਬੰਦੀ ਕਾਰਨ ਤਕਲੀਫ਼ਾਂ ਦਾ ਸਾਹਮਣਾ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਰਾਹਤ ਦੇਣ ਲਈ ਕੁਝ ਨਿਰਦੇਸ਼ ਦਿਤੇ ਹਨ। ਸੁਪਰੀਮ ਕੋਰਟ ਨੇ ਦਿੱਲੀ, ਹਰਿਆਣਾ ਅਤੇ ਯੂਪੀ ਸਰਕਾਰ ਨੂੰ ਨਿਰਦੇਸ਼ ਦਿਤੇ ਹਨ ਕਿ ਕੌਮੀ ਰਾਜਧਾਨੀ ਖੇਤਰ ਵਿਚ ਆਉਣ ਵਾਲੇ ਜ਼ਿਲਿ੍ਹਆਂ ਵਿਚ ਸਮੂਹਕ ਰਸੋਈ ਖੋਲ੍ਹੀ ਜਾਵੇ ਤਾਕਿ ਮਜ਼ਦੂਰ ਅਤੇ ਉਨ੍ਹਾਂ ਦੇ ਪਰਵਾਰ ਦੋ ਵਕਤ ਦਾ ਖਾਣਾ ਖਾ ਸਕਣ। ਅਦਾਲਤ ਨੇ ਕਿਹਾ ਕਿ ਇਹ ਸਮੂਹਕ ਰਸੋਈਆਂ ਮਸ਼ਹੂਰ ਥਾਵਾਂ ’ਤੇ ਹੋਣੀਆਂ ਚਾਹੀਦੀਆਂ ਹਨ। ਅਦਾਲਤ ਨੇ ਕਿਹਾ ਕਿ ਕੇਂਦਰ, ਦਿੱਲੀ, ਯੂਪੀ ਅਤੇ ਹਰਿਆਣਾ ਦੀ ਸਰਕਾਰ ਐਨਸੀਆਰ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਰਾਸ਼ਨ ਮੁਹਈਆ ਕਰਵਾਏ। ਇਹ ਰਾਸ਼ਨ ਆਤਮ ਭਾਰਤ ਸਕੀਮ ਜਾਂ ਕਿਸੇ ਵੀ ਹੋਰ ਸਕੀਮ ਤਹਿਤ ਦਿਤਾ ਜਾ ਸਕਦਾ ਹੈ। ਇਸ ਲਈ ਮਜ਼ਦੂਰਾਂ ਤੋਂ ਪਛਾਣ ਪੱਤਰ ਮੰਗਣ ਜਿਹੀ ਸ਼ਰਤ ਨਾ ਰੱਖੀ ਜਾਵੇ। ਪ੍ਰਸ਼ਾਂਤ ਭੂਸ਼ਣ ਨੇ ਪਟੀਸ਼ਨ ’ਤੇ ਸੁਣਵਾਈ ਦੌਰਾਨ ਕਿਹਾ ਕਿ ਅਸੀਂ ਕੇਂਦਰ ਦੀ ਆਤਮ ਨਿਰਭਰ ਭਾਰਤ ਸਕੀਮ ਦੁਬਾਰਾ ਸ਼ੁਰੂ ਕੀਤੇ ਜਾਣ ਲਈ ਲੜ ਰਹੇ ਹਨ।