ਸੁਨਾਮ : ਸੂਬੇ ਦੀ ਭਗਵੰਤ ਮਾਨ ਸਰਕਾਰ ਵਿੱਚ ਕੀਤੇ ਫੇਰਬਦਲ ਦੌਰਾਨ ਕੰਬੋਜ਼ ਭਾਈਚਾਰੇ ਨੂੰ ਅਣਡਿੱਠ ਕਰਨ ਤੇ ਕੰਬੋਜ਼ ਭਾਈਚਾਰੇ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਨਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੰਤਰੀ ਮੰਡਲ ਵਿੱਚ ਕੀਤੇ ਗਏ ਫੇਰਬਦਲ ਮੌਕੇ ਪਛੜੀਆਂ ਸ਼੍ਰੇਣੀਆਂ ਦੇ ਵਰਗ ਨਾਲ ਸਬੰਧਿਤ ਵਿਧਾਇਕ ਨੂੰ ਮੰਤਰੀ ਬਣਾਇਆ ਜਾਣਾ ਚਾਹੀਦਾ ਸੀ। ਸੋਮਵਾਰ ਨੂੰ ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਮੇਨ ਸੁਨਾਮ ਦੀ ਹੋਈ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਕਮੇਟੀ ਦੇ ਪ੍ਰਧਾਨ ਮਨਦੀਪ ਸਿੰਘ ਜੋਸ਼ਨ ਨੇ ਕਿਹਾ ਕਿ ਕੰਬੋਜ ਭਾਈਚਾਰੇ ਦੇ ਵਿਧਾਇਕ ਗੋਲਡੀ ਕੰਬੋਜ਼ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਨਾ ਕੰਬੋਜ਼ ਭਾਈਚਾਰੇ ਅਤੇ ਬੀ ਸੀ ਵਰਗ ਨਾਲ ਬੇਇਨਸਾਫੀ ਕੀਤੀ ਗਈ ਹੈ। ਉਨ੍ਹਾਂ ਸਰਕਾਰ ਦੇ ਇਸ ਫੈਸਲੇ ਨੂੰ ਗਲਤ ਕਰਾਰ ਦਿੰਦੇ ਹੋਏ ਕਿਹਾ ਕਿ ਸੂਬੇ ਦੇ ਹਰ ਭਾਈਚਾਰੇ ਦਾ ਖਿਆਲ ਰੱਖਣਾ ਚਾਹੀਦਾ ਸੀ ਜੋ ਕਿ ਮੁੱਖ ਮੰਤਰੀ ਨੇ ਨਹੀਂ ਰੱਖਿਆ। ਕੰਬੋਜ਼ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਗੋਲਡੀ ਕੰਬੋਜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਰਾਕੇ ਜਲਾਲਾਬਾਦ ਸੀਟ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਈ ਸੀ ਪਰ ਪਾਰਟੀ ਨੇ ਉਹਨਾਂ ਦੀ ਕੋਈ ਕਦਰ ਨਹੀਂ ਪਾਈ ਜਿਸ ਕਾਰਨ ਉਹ ਸਰਕਾਰ ਦੇ ਇਸ ਫੈਸਲੇ ਤੋਂ ਸਖਤ ਨਾਰਾਜ਼ ਹਨ। ਉਹਨਾਂ ਕਿਹਾ ਕਿ ਕੰਬੋਜ਼ ਭਾਈਚਾਰੇ ਅੰਦਰ ਸਰਕਾਰ ਪ੍ਰਤੀ ਨਰਾਜ਼ਗੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਗਰਲੀਆਂ ਸਰਕਾਰਾਂ ਸਰਕਾਰ ਦੇ ਗਠਿਨ ਸਮੇਂ ਹਰ ਵਰਗ ਨੂੰ ਪ੍ਰਤੀਨਿਧਤਾ ਦਿੰਦੀਆਂ ਆਈਆਂ ਹਨ। ਇਸ ਮੌਕੇ ਸਰਪ੍ਰਸਤ ਮਾਸਟਰ ਕੇਹਰ ਸਿੰਘ ਜੋਸ਼ਨ, ਸਕੱਤਰ ਜਤਿੰਦਰ ਪਾਲ ਸਿੰਘ ਬੌਬੀ, ਬਾਵਾ ਹਾਂਡਾ, ਗੁਰਦੀਪ ਸਿੰਘ ਅਬਦਾਲ, ਸ਼ੈਰੀ ਥਿੰਦ, ਵਿਕਰਾਂਤ ਵਰਮਾ, ਪ੍ਰਿਤਪਾਲ ਸਿੰਘ, ਬਲਦੇਵ ਸਿੰਘ, ਅਤੇ ਗੁਰਮੇਲ ਸਿੰਘ ਆਦਿ ਮੈਂਬਰ ਹਾਜ਼ਰ ਸਨ।