ਨਵੀਂ ਦਿੱਲੀ : ਕੋਵਿਡ-19 ਮਹਾਂਮਾਰੀ ਨੂੰ ਅਦ੍ਰਿਸ਼ ਦੁਸ਼ਮਣ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਇਸ ਮਹਾਂਮਾਰੀ ਦੀ ਦੂਜੀ ਲਹਿਰ ਦੇ ਮੁਕਾਬਲੇ ਲਈ ਜੰਗੀ ਪੱਧਰ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਭਰੋਸਾ ਦਿਤਾ ਕਿ ਦੇਸ਼ ਇਸ ਲੜਾਈ ਵਿਚ ਜਿੱਤ ਹਾਸਲ ਕਰੇਗਾ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਫ਼ੰਡ ਯੋਜਨਾ ਤਹਿਤ ਆਰਥਕ ਲਾਭ ਦੀ ਅਠਵੀਂ ਕਿਸ਼ਤ ਜਾਰੀ ਕਰਨ ਮਗਰੋਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਭਰ ਵਿਚ ਟੀਕਿਆਂ ਦੀ 18 ਕਰੋੜ ਤੋਂ ਵੱਧ ਖ਼ੁਰਾਕ ਲੋਕਾਂ ਨੂੰ ਦਿਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ, ‘100 ਸਾਲ ਮਗਰੋਂ ਆਈ ਏਨੀ ਭਿਆਨਕ ਮਹਾਂਮਾਰੀ ਕਦਮ-ਕਦਮ ਦਰ ਦੁਨੀਆਂ ਦੀ ਪ੍ਰੀਖਿਆ ਲੈ ਰਹੀ ਹੈ। ਸਾਡੇ ਸਾਹਮਣੇ ਬਹੁਤ ਅਦ੍ਰਿਸ਼ ਦੁਸ਼ਮਣ ਹੈ ਅਤੇ ਇਹ ਦੁਸ਼ਮਣ ਬਹੁਰੂਪੀਆ ਵੀ ਹੈ। ਇਸ ਕਾਰਨ ਅਸੀਂ ਅਪਣੇ ਬਹੁਤ ਸਾਰੇ ਕਰੀਬੀਆਂ ਨੂੰ ਗੁਆ ਚੁੱਕੇ ਹਨ।’ ਉਨ੍ਹਾਂ ਕਿਹਾ, ‘ਬੀਤੇ ਕੁਝ ਸਮੇਂ ਤੋਂ ਜੋ ਕਸ਼ਟ ਦੇਸ਼ਵਾਸੀਆਂ ਨੇ ਬਰਦਾਸ਼ਤ ਕੀਤਾ ਹੈ ਅਤੇ ਜਿਸ ਦਰਦ ਵਿਚੋਂ ਉਹ ਲੰਘੇ ਹਨ, ਓਨਾ ਹੀ ਮਹਿਸੂਸ ਕਰ ਰਿਹਾ ਹਾਂ।’ ਪ੍ਰਧਾਨ ਮੰਤਰੀ ਨੇ ਕਿਹਾ, ‘ਕੋਰੋਨਾ ਦੀ ਦੂਜੀ ਲਹਿਰ ਨਾਲ ਮੁਕਾਬਲੇ ਵਿਚ ਸਾਧਨਾਂ ਨਾਲ ਜੁੜੇ ਜੋ ਵੀ ਅੜਿੱਕੇ ਸਨ, ਉਨ੍ਹਾਂ ਨੂੰ ਤੇਜ਼ੀ ਨਾਲ ਦੂਰ ਕੀਤਾ ਜਾ ਰਿਹਾ ਹੈ ਅਤੇ ਜੰਗੀ ਪੱਧਰ ’ਤੇ ਕੰਮ ਕਰਨ ਦਾ ਯਤਨ ਹੋ ਰਿਹਾ ਹੈ।