ਸੁਨਾਮ : ਪੰਜਾਬ ਦੀਆਂ ਅਨਾਜ਼ ਮੰਡੀਆਂ ਵਿੱਚ ਕੰਮ ਕਰਦੇ ਗੱਲਾ ਮਜ਼ਦੂਰਾਂ ਨੇ ਪਹਿਲੀ ਅਕਤੂਬਰ ਤੋਂ ਸੂਬਾ ਪੱਧਰੀ ਹੜਤਾਲ ਤੇ ਜਾਣ ਦਾ ਐਲਾਨ ਕੀਤਾ ਹੈ। ਮਜ਼ਦੂਰਾਂ ਦੀ ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਵਧ ਰਹੀ ਮਹਿੰਗਾਈ ਦੇ ਮੱਦੇਨਜ਼ਰ ਮਜ਼ਦੂਰੀ ਵਿੱਚ ਨਿਗੂਣਾ ਵਾਧਾ ਕੀਤਾ ਗਿਆ ਹੈ। ਮੰਡੀ ਮਜ਼ਦੂਰਾਂ ਦੀ ਹੜਤਾਲ ਕਾਰਨ ਸੂਬੇ ਅੰਦਰ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਤੇ ਅਸਰ ਪੈਣ ਦੇ ਆਸਾਰ ਪੈਦਾ ਹੋ ਗਏ ਹਨ। ਸੋਮਵਾਰ ਨੂੰ ਸੁਨਾਮ ਵਿਖੇ ਪੁੱਜੇ ਗੱਲਾ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਰਾਕੇਸ਼ ਤੋਲੀ ਨੇ ਕਿਹਾ ਕਿ ਸਰਕਾਰ ਵੱਲੋਂ ਮੰਡੀ ਮਜ਼ਦੂਰਾਂ ਦੀ ਮਜ਼ਦੂਰੀ ਵਿੱਚ ਨਿਗੂਣਾ ਵਾਧਾ ਕੀਤਾ ਗਿਆ ਹੈ ਜਿਸ ਕਾਰਨ ਮਾਮੂਲੀ ਵਾਧੇ ਨੂੰ ਲੈਕੇ ਮਜ਼ਦੂਰਾਂ ਵਿੱਚ ਭਾਰੀ ਰੋਸ ਹੈ । ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਗੱਲਾ ਮਜ਼ਦੂਰਾਂ ਨੇ ਪਹਿਲੀ ਅਕਤੂਬਰ ਤੋਂ ਸੂਬੇ ਭਰ ਵਿੱਚ ਮੁਕੰਮਲ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਰਾਕੇਸ਼ ਤੋਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਰਾਈਸ ਇੰਡੈਕਸ (ਮੁੱਲ ਸੂਚਕ ਅੰਕ) ਦੇ ਖੋਖਲੇ ਪੈਮਾਨੇ ਅਨੁਸਾਰ ਅੱਠ ਪੈਸੇ ਦਾ ਜੋ ਮਾਮੂਲੀ ਵਾਧਾ ਕੀਤਾ ਹੈ ਉਹ ਮਜ਼ਦੂਰਾਂ ਨਾਲ ਕੋਝਾ ਮਜ਼ਾਕ ਹੈ। ਉਨ੍ਹਾਂ ਦੀ ਮੰਗ ਹੈ ਕਿ ਮਜ਼ਦੂਰੀ ਰੇਟ ਵਿੱਚ ਘੱਟੋ ਘੱਟ ਪੱਚੀ ਫੀਸਦੀ ਦਾ ਵਾਧਾ ਕੀਤਾ ਜਾਵੇ ਅਤੇ ਲੋਡਿੰਗ ਪੰਜ ਰੁਪਏ ਪ੍ਰਤੀ ਬੋਰੀ ਕੀਤੀ ਜਾਵੇ। ਉਹਨਾਂ ਮਜ਼ਦੂਰੀ ਦਾ ਭਾਵ ਹਰਿਆਣਾ ਦੇ ਬਰਾਬਰ ਕਰਨ ਦੀ ਮੰਗ ਰੱਖੀ ਸੀ ਪਰ ਸਰਕਾਰ ਵੱਲੋਂ ਹਾਲੇ ਤੱਕ ਉਨ੍ਹਾਂ ਦੀਆਂ ਮੰਗਾਂ ਤੇ ਕੋਈ ਫੈਸਲਾ ਨਹੀਂ ਲਿਆ ਗਿਆ ਜਿਸ ਕਾਰਨ ਇਕ ਅਕਤੂਬਰ ਤੋਂ ਸਮੁੱਚੇ ਪੰਜਾਬ ਵਿੱਚ ਹੜਤਾਲ ਕਰਕੇ ਮੰਡੀਆਂ ਦਾ ਕੰਮ ਠੱਪ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਯੂਨੀਅਨ ਦੇ ਸੂਬਾਈ ਚੇਅਰਮੈਨ ਦਰਸ਼ਨ ਲਾਲ ਖੰਨਾ, ਸੁਨਾਮ ਮੰਡੀ ਪ੍ਰਧਾਨ ਸੁਰੇਸ਼ ਕੁਮਾਰ, ਦੀਪਕ ਕੁਮਾਰ, ਸੰਜੇ ਕੁਮਾਰ ,ਮਿੱਠੂ ਸਿੰਘ, ਰਾਜ ਕੁਮਾਰ ,ਨੀਸੂ ਕੁਮਾਰ, ਅਸ਼ੋਕ ਕੁਮਾਰ, ਸੰਜੇ ਕੁਮਾਰ, ਛੱਜੂ ਰਾਮ, ਰਾਕੇਸ਼ ਕੁਮਾਰ ,ਜੋਨੀ ,ਸੋਮਾ, ਅਨਿਲ ਅਤੇ ਕਮਲ ਸਮੇਤ ਭਾਰੀ ਗਿਣਤੀ ਵਿੱਚ ਮੰਡੀ ਮਜ਼ਦੂਰ ਹਾਜਰ ਸਨ।