ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਸ੍ਰੀ ਅਨੁਰਾਗ ਵਰਮਾ ਆਈ. ਏ. ਐਸ., ਮੁੱਖ ਸਕੱਤਰ, ਪੰਜਾਬ ਸਰਕਾਰ, ਨੂੰ ਭੇਜੇ ਗਏ ਪੱਤਰ ਵਿੱਚ ਕਿਹਾ ਕਿ ਬੇਸ਼ਕ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪਟਿਆਲਾ- ਸਰਹੰਦ ਸੜਕ ਨੂੰ ਚਹੁ-ਮਾਰਗੀ ਬਣਾਉਣ ਦਾ ਕਾਰਜ ਅਰੰਭਿਆ ਹੋਇਆ ਹੈ ਤੇ ਬੜੇ ਲੰਮੇ ਸਮੇਂ ਤੋਂ ਇਸ ਕਾਰਜ ਦੀ ਲੋੜ ਤੇ ਉਡੀਕ ਵੀ ਸੀ। ਇਸ ਨੂੰ ਜਲਦੀ ਨੂੰ ਮੁਕੰਮਲ ਕਰਵਾਇਆ ਜਾਵੇ। ਪ੍ਰੋਫੈਸਰ ਬੜੂੰਗਰ ਨੇ ਕਿਹਾ ਕਿ ਉਨਾਂ ਵੱਲੋਂ ਪਿਛਲੀਆਂ ਸਰਕਾਰਾਂ/ਮੁੱਖ ਮੰਤਰੀਆਂ ਨੂੰ ਵੀ ਇਸ ਸੰਬੰਧੀ ਬੇਨਤੀਆਂ ਕਰਦੇ ਹੋਏ ਚਿੱਠੀਆਂ ਮੌਜੂਦਾ ਮੁੱਖ ਮੰਤਰੀ ਸਾਹਿਬ ਨੂੰ ਵੀ ਲਿਖੀਆਂ ਸਨ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਜਦੋਂ 2022 ਈ. ਨੂੰ 15 ਅਗਸਤ ਦੇ ਅਜ਼ਾਦੀ ਦਿਵਸ ਮੌਕੇ ਪਹੁੰਚੇ ਸਨ, ਉਦੋਂ ਵੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਤਤਕਾਲੀਨ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਨੇ ਵੀ ਲਿਖਤੀ ਅਤੇ ਜ਼ਬਾਨੀ ਰੂਪ ਵਿਚ ਵੀ ਬੇਨਤੀ ਕੀਤੀ ਸੀ। ਉਹਨਾਂ ਕਿਹਾ ਕਿ ਭਲਾ ਹੋਇਆ ਹੁਣ ਕਾਰਜ ਗਤੀਸ਼ੀਲਤਾ ਨਾਲ ਜਾਰੀ ਹੈ ਤੇ ਪਟਿਆਲਾ-ਸਰਹੰਦ ਰੋਡ ਉਤੇ ਵੱਡੇ ਵੱਡੇ ਖਡੇ ਬਣੇ ਹੋਏ ਹਨ। ਹਰ ਤਰ੍ਹਾਂ ਦੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰੋਫੈਸਰ ਬਡੁੰਗਰ ਨੇ ਮੁੱਖ ਸਕੱਤਰ ਅਨੁਰਾਗ ਵਰਵਾ ਨੂੰ ਸੰਬੋਧਨ ਨੂੰ ਹੁੰਦਿਆਂ ਕਿਹਾ ਕਿ ਪਿਛਲੇ ਦਿਨੀ ਆਪਣੇ ਨਗਰ ਚਲੈਲਾ ਵਿਖੇ ਆਏ ਸੀ। ਸੜਕੀ ਰਸਤੇ ਰਾਹੀਂ ਆਪ ਜੀ ਨੇ ਵੀ ਉਸ ਕਠਿਨਾਈ ਨੂੰ ਜ਼ਰੂਰ ਮਹਿਸੂਸ ਕੀਤਾ ਹੋਵੇਗਾ। ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਾਕਾ ਸਰਹੰਦ ਦੇ ਲਾਸਾਨੀ ਅਤੇ ਅਦੁੱਤੀ ਸ਼ਹੀਦਾਂ (ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ) ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਨ ਲਈ 25, 26, 27 ਦਸੰਬਰ ਨੂੰ ਭਾਰੀ ਸ਼ਹੀਦੀ ਸਭਾ ਹੁੰਦੀ ਹੈ। ਇਸੇ ਸੜਕੀ ਰਸਤੇ ਰਾਹੀਂ ਬਠਿੰਡਾ, ਸੰਗਰੂਰ, ਪਟਿਆਲਾ ਅਤੇ ਹਰਿਆਣਾ ਦੇ ਕਈ ਜਿਲ੍ਹਿਆਂ ਅਤੇ ਰਾਜਸਥਾਨ ਤੋਂ ਵੀ ਭਾਰੀ ਗਿਣਤੀ ਵਿਚ ਸੰਗਤਾਂ ਸਮੂਲੀਅਤ ਕਰਦੀਆਂ ਹਨ।ਇਹ ਸਿਲਸਲਾ ਹਰ ਸਾਲ 1 ਨਵੰਬਰ ਤੋਂ 31 ਜਨਵਰੀ ਤੱਕ ਬਾਦਸਤੂਰ ਜਾਰੀ ਰਹਿੰਦਾ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸੰਬੰਧਤ ਮਹਿਕਮੇ ਨੂੰ ਹਦਾਇਤ ਜਾਰੀ ਕਰਕੇ ਸੜਕ ਦੀ ਤੁਰੰਤ ਮੁਰੰਮਤ ਕਰਾਉਣ ਦੀ ਖੇਚਲ ਕਰਨਾ ।