ਸੁਨਾਮ : ਰਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ਼, ਪਟਿਆਲਾ ਵੱਲੋਂ ਖੂਨਦਾਨ ਵਿੱਚ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕਰਨ ਲਈ ਰਾਸ਼ਟਰੀ ਸਵੈ-ਸੇਵਕ ਖੂਨਦਾਨ ਦਿਵਸ ਮੌਕੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਰੋਟਰੀ ਦੇ ਸਾਬਕਾ ਗਵਰਨਰ ਅਤੇ ਸੰਗਰੂਰ ਇੰਡਸਟਰੀ ਚੈਂਬਰ ਦੇ ਵਾਈਸ ਚੇਅਰਮੈਨ ਘਨਸ਼ਿਆਮ ਕਾਂਸਲ, ਡੀਆਰਆਰ ਵਿਪੁਲ ਮਿੱਤਲ, ਵਿਸ਼ਾਲ ਗੁਪਤਾ, ਅਨਿਲ ਜੁਨੇਜਾ, ਸ਼ੀਸ਼ਪਾਲ ਮਿੱਤਲ, ਸੁਰੇਸ਼ ਗਰਗ, ਸੰਦੀਪ ਬਾਂਸਲ ਮੋਨੂੰ ਨੂੰ ਖੂਨਦਾਨ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਲਈ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ ਵਿੱਚ ਮੁੱਖ ਮਹਿਮਾਨ ਡਾਇਰੈਕਟਰ ਪ੍ਰਿੰਸੀਪਲ ਡਾਕਟਰ ਰਾਜਨ ਸਿੰਗਲਾ ਨੇ ਸ਼ਮੂਲੀਅਤ ਕੀਤੀ। ਡਾਕਟਰ ਗਿਰੀਸ਼ ਸਾਹਨੀ, ਡਾਕਟਰ ਮੋਨਿਕਾ ਗਰਗ ਅਤੇ ਡਾਕਟਰ ਰਜਨੀ ਬਸੀ ਨੇ ਸ਼ਿਰਕਤ ਕੀਤੀ | ਸਟੇਜ ਦਾ ਸੰਚਾਲਨ ਸੁਖਵਿੰਦਰ ਸਿੰਘ ਨੇ ਕੀਤਾ। ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਘਨਸ਼ਿਆਮ ਕਾਂਸਲ ਨੇ ਦੱਸਿਆ ਕਿ ਪੰਜਾਬ ਦੀਆਂ 151 ਸੰਸਥਾਵਾਂ ਨੂੰ ਪ੍ਰੋਗਰਾਮ ਲਈ ਸੱਦਾ ਦਿੱਤਾ ਗਿਆ ਸੀ। ਪਿਛਲੇ ਸਾਲ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ਼ 23 ਹਜ਼ਾਰ ਯੂਨਿਟ ਖੂਨ ਇਕੱਠਾ ਕਰਕੇ ਪੰਜਾਬ ਵਿੱਚੋਂ ਪਹਿਲੇ ਅਤੇ ਦੇਸ਼ ਵਿੱਚੋਂ ਤੀਜੇ ਸਥਾਨ ’ਤੇ ਰਿਹਾ ਸੀ। ਉਨ੍ਹਾਂ ਕਿਹਾ ਕਿ ਜੇਕਰ ਸੰਸਥਾਵਾਂ ਇਸੇ ਤਰ੍ਹਾਂ ਸਹਿਯੋਗ ਦਿੰਦੀਆਂ ਰਹਿਣ ਤਾਂ ਰਾਜਿੰਦਰਾ ਹਸਪਤਾਲ ਅਤੇ ਕਾਲਜ਼ ਦੇਸ਼ ਭਰ ਵਿੱਚ ਪਹਿਲੇ ਨੰਬਰ ’ਤੇ ਆ ਸਕਦੇ ਹਨ। ਘਨਸ਼ਿਆਮ ਕਾਂਸਲ ਨੇ ਖੂਨਦਾਨ ਦੀ ਅਪੀਲ ਕਰਦਿਆਂ ਕਿਹਾ ਕਿ ਹੁਣ ਵੀ 85 ਫੀਸਦੀ ਖੂਨਦਾਨ ਹੋ ਰਿਹਾ ਹੈ। 100 ਫੀਸਦੀ ਟੀਚਾ ਹਾਸਲ ਕਰਨ ਲਈ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਘਨਸ਼ਿਆਮ ਕਾਂਸਲ ਨੇ ਦੱਸਿਆ ਕਿ ਰੋਟਰੀ ਦੇ ਗਵਰਨਰ ਵਜੋਂ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਖੂਨਦਾਨ ਕੈਂਪਾਂ ਰਾਹੀਂ ਦਸ ਹਜ਼ਾਰ ਯੂਨਿਟ ਖੂਨ ਇਕੱਤਰ ਕੀਤਾ ਹੈ। ਜਿਸ ਵਿੱਚੋਂ ਰਜਿੰਦਰਾ ਨੂੰ ਸਭ ਤੋਂ ਵੱਧ ਦਿੱਤਾ ਹੈ। ਇੰਡਸਟਰੀ ਚੈਂਬਰ ਬਲਾਕ ਸੰਗਰੂਰ ਨੇ ਵੀ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਵੱਧ ਤੋਂ ਵੱਧ ਕੈਂਪ ਲਗਾਏ ਜਾਣਗੇ।