ਨਵੀਂ ਦਿੱਲੀ : ਪਿਛਲੇ ਕਈ ਦਿਨਾਂ ਤੋਂ ਦੇਸ਼ ਵਿਚ ਕੋਰੋਨਾ ਕਾਰਨ ਐਨੇ ਜਿ਼ਆਦਾ ਲੋਕਾਂ ਦੀਆਂ ਮੌਤਾਂ ਹੋਈਆਂ ਹਨ ਕਿ ਲਾਸ਼ਾਂ ਦਾ ਅੰਤਮ ਸਸਕਾਰ ਕਰਨਾ ਵੀ ਔਖਾ ਹੋ ਗਿਆ ਹੈ। ਗ਼ਰੀਬ ਅਤੇ ਮਜ਼ਦੂਰ ਵਰਗ ਕੋਲ ਨਾ ਤਾਂ ਐਨੇ ਪੈਸੇ ਹਨ ਕਿ ਉਹ ਲਾਸ਼ਾਂ ਦਾ ਅੰਤਮ ਸਸਕਾਰ ਕਰ ਸਕਣ ਅਤੇ ਨਾ ਹੀ ਐਨੀ ਲੱਕੜ ਮਿਲ ਰਹੀ ਹੈ ਕਿ ਉਹ ਲਾਸ਼ਾਂ ਦਾ ਸਾੜ ਕੇ ਸਵਾਹ ਕਰ ਸਕਣ। ਅਜਿਹੀ ਹਾਲਤ ਵਿਚ ਉਹ ਲਾਸ਼ਾਂ ਨੂੰ ਗੰਗਾ ਸਮੇਤ ਹੋਰ ਨਦੀਆਂ ਵਿਚ ਹੀ ਸੁੱਟ ਰਹੇ ਹਨ। ਇਥੇ ਦਸਣਯੋਗ ਹੈ ਕਿ ਕੋਈ ਵੀ ਸ਼ਖ਼ਸ ਆਪਣੇ ਕਰੀਬੀ ਦੀ ਲਾਸ਼ ਦਾ ਅੰਤਮ ਸਸਕਾਰ ਕਰਨਾ ਚਾਹੇਗਾ ਪਰ ਸੋਚਣ ਵਾਲੀ ਗੱਲ ਹੈ ਕਿ ਉਹ ਕਿਸ ਤਰ੍ਹਾਂ ਭਰੇ ਮਨ ਨਾਲ ਲਾਸ਼ਾਂ ਨੂੰ ਨਦੀਆਂ ਵਿਚ ਸੁੱਟ ਰਹੇ ਹੋਣਗੇ। ਗੰਗਾ ’ਚ ਜਿਥੇ ਲਾਸ਼ਾਂ ਤੈਰਦੀਆਂ ਨਜ਼ਰ ਆ ਰਹੀਆਂ ਹਨ, ਉਥੇ ਮਿੱਟੀ ਦੇ ਢੇਰ ਬਿਆਨ ਕਰ ਰਹੇ ਹਨ ਕਿ ਕਿਵੇਂ ਉਨ੍ਹਾਂ ਨੂੰ ਦਫਨਾਇਆ ਵੀ ਗਿਆ ਹੈ। ਬਕਸਰ ਘਾਟ ਦੇ ਦੋਹਾਂ ਕੰਢਿਆ ’ਤੇ ਕਈ ਲਾਸ਼ਾਂ ਮਿਲੀਆਂ। ਵੀਰਵਾਰ 175 ਲਾਸ਼ਾਂ ਮੁੜ ਤੋਂ ਡੂੰਘੇ ਟੋਏ ’ਚ ਦਫਨਾ ਦਿੱਤੀਆਂ ਗਈਆਂ। ਕੋਰੋਨਾ ਕਾਰਨ ਮੌਤਾਂ ਦੀ ਗਿਣਤੀ ਇੰਨੀ ਵੱਧ ਗਈ ਕਿ ਲੋਕ ਲਾਸ਼ਾਂ ਸਾੜਣ ਦੀ ਥਾਂ ਜਿਥੇ ਜਗ੍ਹਾ ਮਿਲੀ, ਨੂੰ ਦਫਨਾਉਂਦੇ ਗਏ। ਲਕੜ ਦੀਆਂ ਵਧਦੀ ਕੀਮਤਾਂ ਕਾਰਨ ਗਰੀਬਾਂ ਕੋਲ ਇੰਨਾ ਪੈਸਾ ਵੀ ਨਹੀਂ ਸੀ ਕਿ ਉਹ ਲਾਸ਼ਾਂ ਨੂੰ ਸਾੜ ਸਕਦੇ। ਕਈ ਲੋਕਾਂ ਨੇ ਗੰਗਾ ਕੰਢੇ ਹੀ ਲਾਸ਼ਾ ਨੂੰ ਦਫ਼ਨਾ ਦਿਤਾ ਸੀ ਪਰ ਅਗਲੇ ਹੀ ਦਿਨ ਬਰਸਾਤ ਆਉਣ ਕਾਰਨ ਲਾਸ਼ਾਂ ਉਪਰ ਪਾਈ ਰੇਤਾ ਪਾਣੀ ਦੇ ਵਹਾਅ ਨਾਲ ਰੁੜ ਗਈ ਅਤੇ ਲਾਸ਼ਾਂ ਉਪਰ ਆ ਗਈਆਂ ਜਿਨ੍ਹਾਂ ਨੂੰ ਜਾਨਵਰ ਨੋਚਣ ਲੱਗੇ। ਪਤਾ ਲੱਗਣ ਉਤੇ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਲਾਸ਼ਾਂ ਨੂੰ ਸਹੀ ਟਿਕਾਣੇ ਲਾਉਣ ਲਈ ਮਿੱਟੀ ਡੂੰਗੀ ਪੁੱਟ ਕੇ ਦਫ਼ਨਾਇਆ ਗਿਆ।