ਨਵੀਂ ਦਿੱਲੀ : ਕਰੋਨਾ ਨੇ ਜਿਥੇ ਦੇਸ਼ ਵਿੱਚ ਕਹਿਰ ਮਚਾਇਆ ਹੋਇਆ ਅਤੇ ਦਿਨ ਬ ਦਿਨ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੇ ਚਲਦਿਆਂ ਰਾਹਤ ਦੀਆਂ ਖ਼ਬਰਾਂ ਵੀ ਸਾਹਮਣੇ ਆਉਣ ਲਗੀਆਂ ਹਨ। ਰਾਹਤ ਭਰੀ ਖ਼ਬਰ ਇਹ ਹੈ ਕਿ ਕਰੋਨਾ ਦੇ ਮਾਮਲਿਆਂ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ। ਪਿਛਲੇ ਹਫ਼ਤੇ ਵਿੱਚ ਪਾਜ਼ੇਟਿਵ ਦਰ ਵਿੱਚ 5.6 ਦੀ ਗਿਰਾਵਟ ਵੇਖੀ ਗਈ ਹੈ। 9 ਮਈ ਦੇ ਨੇੜੇ ਪਾਜ਼ੇਟਿਵ ਦਰ 24.9 ਸੀ ਅਤੇ 14 ਮਈ ਨੂੰ ਘਟ ਕੇ 19.3 ਰਹਿ ਗਈ ਹੈ। ਪਾਜ਼ੇਟਿਵ ਦਰ ਵਿਚ ਕਮੀ ਦਾ ਅਰਥ ਹੈ ਕਿ ਜਿਥੇ 100 ਟੈਸਟਿੰਗ ਮਾਮਲਿਆਂ ਪਿਛੇ 25 ਮਾਮਲੇ ਪਾਜ਼ੇਟਿਵ ਆ ਰਹੇ ਸਨ ਉਹ ਹੁਣ 100 ਪਿਛੇ ਸਿਰਫ਼ 19 ਰਹਿ ਗਏ ਹਨ। ਇਸ ਤੋਂ ਇਲਾਵਾ ਰੋਜ਼ਾਨਾ ਮਿਲ ਰਹੇ ਕੇਸਾਂ ਵਿੱਚ ਵੀ ਕਮੀ ਵੇਖੀ ਗਈ ਹੈ। 9 ਮਈ ਨੂੰ ਦੇਸ਼ ਵਿੱਚ ਪਾਜ਼ੇਟਿਵ ਮਾਮਲੇ 3.66 ਲੱਖ ਸਨ ਹੁਣ ਇਹ ਅੰਕੜਾ 3.26 ਲੱਖ ਰਹਿ ਗਿਆ ਹੈ। ਇਸ ਵਿੱਚ 11 ਫ਼ੀ ਸਦੀ ਦੀ ਗਿਰਾਵਟ ਵੇਖੀ ਗਈ ਹੈ। ਪਿਛਲੇ ਚੌਵੀ ਘੰਟਿਆਂ ਵਿੱਚ ਕਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 3.42 ਹਜ਼ਾਰ ਦੇ ਕਰੀਬ ਰਹੀ ਹੈ। ਕਰੋਨਾ ਦੀ ਲਾਗ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ ਵੱਧ ਲੱਗੀ ਹੈ ਜੋ ਕਿ ਰਾਹਤ ਭਰੀ ਖ਼ਬਰ ਹੈ।