ਚੰਡੀਗੜ੍ਹ : ਮੈਡੀਕਲ ਆਕਸੀਜਨ ਦੀ ਵੱਧਦੀ ਮੰਗ ਅਤੇ ਪੂਰਤੀ ਵਿਚਲੇ ਖੱਪੇ ਨੂੰ ਭਰਨ ਲਈ ਪੰਜਾਬ ਸਰਕਾਰ ਕੇਂਦਰ ਸਰਕਾਰ ਤੋਂ ਹੋਰ ਜ਼ਿਆਦਾ ਆਕਸੀਜਨ ਟੈਂਕਰਾਂ ਦੀ ਮੰਗ ਕਰੇਗੀ ਤਾਂ ਜੋ ਜ਼ਿੰਦਗੀ ਬਚਾਊ ਇਸ ਗੈਸ ਦੀ ਲੋੜੀਂਦੀ ਸਪਲਾਈ ਪੰਜਾਬ ਨੂੰ ਮਿਲਦੀ ਰਹੇ। ਇਸ ਤੋਂ ਇਲਾਵਾ ਆਪਣੇ ਪੱਧਰ `ਤੇ ਪੰਜਾਬ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ਤੋਂ ਆਕਸੀਜਨ ਟੈਂਕਰ ਲਿਆਉਣ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰ ਦਿੱਤਾ ਹੈ।
ਇਨ੍ਹਾਂ ਗੱਲਾਂ ਬਾਬਤ ਜਾਣਕਾਰੀ ਪੰਜਾਬ ਦੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਸ਼ਨਿਚਰਵਾਰ ਨੂੰ ਸੂਬੇ ਵਿਚ ਆਕਸੀਜਨ ਦੀ ਉਪਲੱਬਧਤਾ, ਲੋੜ ਤੇ ਵੰਡ ਅਤੇ ਕਰੋਨਾ ਦੀ ਦੂਜੀ ਲਹਿਰ ਦੌਰਾਨ ਪੀੜਤਾਂ ਦੇ ਇਲਾਜ ਸਬੰਧੀ ਸੂਬੇ ਵਿਚ ਚੱਲ ਰਹੇ ਕੰਮਾਂ ਸਬੰਧੀ ਇਕ ਆਨਲਾਈਨ ਉੱਚ ਪੱਧਰੀ ਰੀਵਿਊ ਮੀਟਿੰਗ ਦੌਰਾਨ ਕੀਤਾ।
ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਕਸੀਜਨ ਦੀ ਸਪਲਾਈ ਪੰਜਾਬ ਲਿਆਉਣ ਸਬੰਧੀ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ. ਸਿਵਾ ਪ੍ਰਸਾਦ ਨੇ ਮੁੱਖ ਸਕੱਤਰ ਨੂੰ ਵਿਸਥਾਰ ਵਿਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬੈਲਜੀਅਮ ਅਤੇ ਆਸਟ੍ਰੇਲੀਆ ਤੋਂ ਵੀ ਆਕਸੀਜਨ ਦੇ ਟੈਂਕਰ ਪੰਜਾਬ ਲਿਆਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਜਲਦ ਹੀ ਬੈਲਜੀਅਮ ਅਤੇ ਆਸਟ੍ਰੇਲੀਆ ਤੋਂ ਵੀ ਆਕਸੀਜਨ ਦੇ ਟੈਂਕਰ ਪੰਜਾਬ ਪੁੱਜ ਜਾਣਗੇ।
ਆਕਸੀਜਨ ਕੰਟਰੋਲ ਰੂਮ ਦੀ ਨਿਗਰਾਨੀ ਕਰ ਰਹੇ ਰਾਹੁਲ ਤਿਵਾੜੀ ਨੇ ਦੱਸਿਆ ਕਿ ਅੱਜ ਸਵੇਰੇ ਬੋਕਾਰੋ ਤੋਂ ਆਪਣੇ 80 ਮੀਟਰਕ ਟਨ ਕੋਟੇ ਦੀ ਆਕਸੀਜਨ ਚੁੱਕਣ ਲਈ ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈਸ ਰਵਾਨਾ ਹੋਈ ਹੈ ਜਿਸ ਨਾਲ ਸੂਬੇ ਦੀ ਜੀਵਨ ਰੱਖਿਅਕ ਮੈਡੀਕਲ ਸਮੱਗਰੀ ਦੇ ਸਟਾਕ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਦੱਸਿਆ ਕਿ ਆਕਸੀਜਨ ਖਰੀਦ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਮਾਰਕਫੈਡ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੂਬੇ ਵਿੱਚ ਕਿਤੇ ਵੀ ਆਕਸੀਜਨ ਦੀ ਕਮੀ ਨਾ ਰਹੇ।
ਇਸ ਦੇ ਨਾਲ ਹੀ ਪੀਐਸਏ (ਪ੍ਰੈਸ਼ਰ ਸਵਿੰਗ ਐਡਜੋਰਪਸ਼ਨ) ਆਕਸੀਜਨ ਪਲਾਟਾਂ ਦੀ ਜ਼ਿਲ੍ਹੇਵਾਰ ਜਾਣਕਾਰੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਦਿੱਤੀ। ਮੁੱਖ ਸਕੱਤਰ ਨੂੰ ਦੱਸਿਆ ਗਿਆ ਕਿ ਪੰਜਾਬ `ਚ ਕੁੱਲ 44 ਪੀਐਸਏ ਪਲਾਂਟ ਸਥਾਪਤ ਕੀਤੇ ਜਾਣੇ ਹਨ ਜਿਨ੍ਹਾਂ ਦੀ ਲਾਗਤ 4.71 ਕਰੋੜ ਰੁਪਏ ਹੋਵੇਗੀ। ਇਸ ਕੰਮ ਲਈ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਵੱਡੀਆਂ ਕੰਪਨੀਆਂ ਵੀ ਪੰਜਾਬ ਸਰਕਾਰ ਦੀ ਸਹਾਇਤਾ ਲਈ ਅੱਗੇ ਆਈਆਂ ਹਨ।
ਪੰਜਾਬ ਵਿਚ ਆਕਸੀਜਨ ਕੰਸਟਰੇਟਰ ਦੀ ਸਥਿਤੀ ਬਾਬਤ ਮੁੱਖ ਸਕੱਤਰ ਨੂੰ ਦੱਸਿਆ ਗਿਆ ਕਿ ਪੰਜਾਬ ਕੋਲ ਇਸ ਸਮੇਂ 1060 ਦੇ ਕਰੀਬ ਕੰਸਟਰੇਟਰ ਮੌਜੂਦ ਹਨ ਜੋ ਕਿ ਜ਼ਿਲ੍ਹਿਆਂ ਦੀ ਜ਼ਰੂਰਤ ਅਨੁਸਾਰ ਵੰਡੇ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਕੰਸਟਰੇਟਰ ਪ੍ਰਾਪਤ ਹੋ ਜਾਣਗੇ ਜੋ ਕਿ ਲੋੜ ਦੇ ਹਿਸਾਬ ਨਾਲ ਜ਼ਿਲ੍ਹਿਆਂ ਨੂੰ ਭੇਜ ਦਿੱਤੇ ਜਾਣਗੇ।
ਮੀਟਿੰਗ ਦੌਰਾਨ ਮੁੱਖ ਸਕੱਤਰ ਨੇ ਸਾਰੇ ਹਸਪਤਾਲਾਂ ਜਿਨ੍ਹਾਂ ਵਿਚ ਵੀ ਕੋਵਿਡ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਉਨ੍ਹਾਂ ਨੂੰ ਨਿਰੰਤਰ ਬਿਜਲੀ ਸਪਲਾਈ ਯਕੀਨੀ ਬਣਾਉਣ ਦੀ ਪੀਐਸਪੀਸੀਐਲ ਨੂੰ ਹਦਾਇਤ ਜਾਰੀ ਕੀਤੀ। ਜਿਹੜੇ ਨਵੇਂ ਹਸਪਤਾਲ ਗੈਰ ਸਰਕਾਰੀ ਸੰਸਥਾਂਵਾਂ ਵੱਲੋਂ ਸਥਾਪਤ ਕੀਤੇ ਗਏ ਹਨ ਜਾਂ ਕੀਤੇ ਜਾ ਰਹੇ ਹਨ ਉਨ੍ਹਾਂ ਨੂੰ ਵੀ ਬਿਜਲੀ ਦੀ ਸਪਲਾਈ ਬੇਰੋਕ ਕੀਤੇ ਜਾਣ ਲਈ ਕਿਹਾ। ਪੰਜਾਬ ਦੇ ਤਿੰਨੇ ਸਰਕਾਰੀ ਹਸਪਤਾਲਾਂ ਅਤੇ ਮੋਹਾਲੀ ਦੇ ਹਸਪਤਾਲ ਲਈ ਹੋਰ ਜ਼ਿਆਦਾ ਬੁਨਿਆਦੀ ਸੁਵਿਧਾਵਾਂ ਦੇਣ ਲਈ ਪੀਡਬਲਿਊਡੀ ਵਿਭਾਗ ਨੂੰ ਵੀ ਨਿਰਦੇਸ਼ ਜਾਰੀ ਕੀਤੇ ਗਏ।
ਮੁੱਖ ਸਕੱਤਰ ਨੇ ਉਮੀਦ ਪ੍ਰਗਟਾਈ ਕਿ ਜਲਦ ਹੀ ਸਥਿਤੀ ਵਿਚ ਸੁਧਾਰ ਆ ਜਾਵੇਗਾ ਅਤੇ ਪੰਜਾਬ ਇਸ ਮਾਰੂ ਵਾਇਰਸ `ਤੇ ਜਿੱਤ ਪ੍ਰਾਪਤ ਕਰ ਲਵੇਗਾ ਪਰ ਉਦੋਂ ਤੱਕ ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਤਨਦੇਹੀ ਨਾਲ ਸੇਵਾ ਨਿਭਾਉਣ ਲਈ ਪ੍ਰੇਰਿਤ ਕੀਤਾ।