ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੱਕਰਵਾਤੀ ਤੂਫ਼ਾਨ ਤੌਕਤੇ ਨਾਲ ਸਿੱਝਣ ਲਈ ਤਿਆਰੀਆਂ ਦਾ ਜਾਇਜ਼ਾ ਲੈਣਵਾਸਤੇ ਗੁਜਰਾਤ, ਮਹਾਰਾਸ਼ਟਰ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦਮਨ ਤੇ ਦੀਵ ਅਤੇ ਦਾਦਰ ਤੇ ਨਗਰ ਹਵੇਲੀ ਦੇ ਮੁੱਖ ਮੰਤਰੀਆਂ ਨਾਲ ਸਮੀਖਿਆ ਬੈਠਕ ਕੀਤੀ। ਉਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਲ-ਨਾਲ ਕੇਂਦਰੀ ਮੰਤਰਾਲਿਆਂ ਦੇ ਨਾਲ ਚੱਕਰਵਾਤ ਨਾਲ ਨਿਪਟਣ ਲਈ ਸਬੰਧਤ ਏਜੰਸੀਆਂ ਦੇ ਉਪਾਵਾਂ ਅਤੇ ਯੋਜਨਾਵਾਂ ਨੂੰ ਜਾਣਿਆ। ਇਹ ਤੂਫ਼ਾਨ ਹੁਣ ਭਿਆਨਕ ਚੱਕਰਤਵਾਤੀ ਤੂਫ਼ਾਨ ਵਿਚ ਬਦਲ ਗਿਆ ਹੈ। ਕੇਰਲਾ ਵਿਚ ਤੱਟਵਰਤੀ ਇਲਾਕਿਆਂ ਵਿਚ ਇਸ ਨੇ ਕਾਫ਼ੀ ਤਬਾਹੀ ਮਚਾ ਦਿਤੀ ਹੈ। ਜ਼ਿਕਰਯੋਗ ਹੈ ਕਿ ਪੂਰਬੀ ਮੱਧ ਸਾਗਰ ਦੇ ਉਪਰ ਤੌਕਤੇ ਦੇ ਅਗਲੇ 24 ਘੰਟਿਆਂ ਵਿਚ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤੌਕਤੇ ਪਿਛਲੇ 6 ਘੰਟਿਆਂ ਦੌਰਾਨ ਲਗਭਗ 11 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਉੱਤਰ ਵੱਲ ਵਧਿਆ ਅਤੇ ਐਤਵਾਰ ਸਵੇਰੇ 5.30 ਵਜੇ ਪੂਰਬੀ ਮੱਧ ਅਰਬ ਸਾਗਰ ’ਤੇ ਲਗਭਗ 130 ਕਿਲੋਮੀਟਰ ਪਛਮੀ-ਦਖਣੀ ਘੇਰੇ ਵਿਚ ਕੇਂਦਰਤ ਸੀ। ਸਰਕਾਰ ਨੇ ਐਨਡੀਆਰਐਫ਼ ਦੀਆਂ 79 ਟੀਮਾਂ ਤੈਨਾਤ ਕਰ ਦਿਤੀਆਂ ਹਨ।