ਮਾਲੇਰਕੋਟਲਾ : ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਮਾਲੇਰਕੋਟਲਾ ਦੀ ਮਹੀਨਾਵਾਰ ਮੀਟਿੰਗ ਸਾਥੀ ਜਰਨੈਲ ਸਿੰਘ, ਪੰਜਗਰਾਈਆਂ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ, ਮੀਟਿੰਗ ਵਿੱਚ ਸੈਂਕੜੇ ਪੈਨਸ਼ਨਰਜ਼ ਹਾਜਰ ਹੋਏ। ਪ੍ਰੈਸ ਨੂੰ ਜਾਣਕਾਰੀ ਕਰਨੈਲ ਸਿੰਘ ਭੱਟੀਆਂ ਪ੍ਰੈਸ ਸਕੱਤਰ ਨੇ ਦਿੰਦਿਆ ਦੱਸਿਆ ਕਿ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਮਿਤੀ 10-11-2024 ਨੂੰ ਬਰਨਾਲਾ ਵਿਖੇ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਸੰਘਰਸ਼ ਕਮੇਟੀ ਪੰਜਾਬ ਦੇ ਫ਼ੈਸਲੇ ਅਨੁਸਾਰ ਵਿਧਾਨ ਸਭਾ ਹਲਕਾ ਬਰਨਾਲਾ ਵਿਖੇ ਰੋਸ ਮਾਰਚ ਵਿੱਚ ਇਸ ਮੰਡਲ ਦੇ ਵੱਧ ਤੋਂ ਵੱਧ ਸਾਥੀ ਸ਼ਮੂਲੀਅਤ ਕਰਨਗੇ। ਮੁੱਖ ਮੰਤਰੀ ਪੰਜਾਬ ਵੱਲੋਂ ਜੱਥੇਬੰਦੀਆਂ ਨੂੰ ਬਾਰ-ਬਾਰ ਮੀਟਿੰਗਾਂ ਦੇਣ ਉਪਰੰਤ ਕੈਂਸਲ ਕਰਨ ਦੇ ਰੁਝਾਨ ਵਿਰੁੱਧ ਇਹ ਰੋਸ ਰੈਲੀ ਕੀਤੀ ਜਾਵੇਗੀ। ਪੈਨਸ਼ਨਰਜ਼ ਦੀਆਂ ਮੰਗਾਂ ਸਬੰਧੀ ਸਰਕਾਰ ਵੱਲੋਂ ਮਾੜੀ ਨੀਤੀ ਅਪਨਾਈ ਜਾ ਰਹੀ ਹੈ। ਮੀਟਿੰਗ ਨੂੰ ਸ਼੍ਰੀ ਜਰਨੈਲ ਸਿੰਘ ਪੰਜਗਰਾਈਆਂ, ਪਿਆਰਾ ਲਾਲ ਪ੍ਰਧਾਨ ਬਰਨਾਲਾ ਸਰਕਲ, ਕਰਨੈਲ ਸਿੰਘ, ਪਰਮਜੀਤ ਸ਼ਰਮਾ, ਬਸ਼ੀਰ ਉਲ ਹੱਕ, ਰਾਮ ਸਿੰਘ ਲਸੋਈ, ਹਰਬੰਸ ਲਾਲ, ਬਲਦੇਵ ਸਿੰਘ, ਸੋਢੀ ਸਿੰਘ ਆਦਿ ਬੁਲਾਰਿਆਂ ਵੱਲੋਂ ਸੰਬੋਧਨ ਕੀਤਾ ਗਿਆ ਅਤੇ ਮੰਗ ਕੀਤੀ ਕਿ 2.59 ਦਾ ਫੈਕਟਰ ਪੈਨਸ਼ਨਰਾਂ ’ਤੇ ਲਾਗੂ ਕੀਤਾ ਜਾਵੇ, ਮਹਿੰਗਾਈ ਭੱਤੇ ਦੀਆਂ 11 ਪ੍ਰਤੀਸ਼ਤ ਬਕਾਇਆ ਰਹਿੰਦੀਆਂ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ, ਪੇ-ਸਕੇਲਾਂ ਦਾ ਸਾਢੇ 5 ਸਾਲ ਦਾ ਬਕਾਇਆ ਜਾਰੀ ਕੀਤਾ ਜਾਵੇ, ਕੈਸ਼ ਲੈੱਸ ਮੈਡੀਕਲ ਸਕੀਮ ਲਾਗੂ ਕੀਤੀ ਜਾਵੇ, ਕੱਚੇ ਕਾਮੇ ਪੱਕੇ ਕੀਤੇ ਜਾਣ।